ਸੁਲਤਾਨਪੁਰ ਲੋਧੀ। ਸੁਲਤਾਨਪੁਰ ਲੋਧੀ ਦੇ ਸਦਰ ਬਾਜ਼ਾਰ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁਝ ਹਥਿਆਰਬੰਦ ਨੌਜਵਾਨਾਂ ਨੇ ਇਕ ਮੁੰਡੇ ’ਤੇ ਸ਼ਰੇਆਮ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ’ਚ ਜ਼ੇਰੇ ਇਲਾਜ ਅਵਿਨਾਸ਼ ਭੱਟੀ ਪੁੱਤਰ ਸੋਨੂੰ ਮੁਹੱਲਾ ਕਾਜ਼ੀ ਬਾਗ ਨੇ ਦੱਸਿਆ ਕਿ ਉਹ ਰਾਤ ਕਰੀਬ 8.30 ਵਜੇ ਸਦਰ ਬਾਜ਼ਾਰ ਵਿਚ ਸਾਮਾਨ ਲੈਣ ਗਿਆ ਸੀ। ਜਦੋਂ ਉਹ ਸਦਰ ਬਾਜ਼ਾਰ ਸਥਿਤ ਕਰਿਆਨੇ ਦੀ ਦੁਕਾਨ ਤੋਂ ਬਾਹਰ ਨਿਕਲਿਆ ਤਾਂ 8-10 ਨੌਜਵਾਨ ਆਏ ਅਤੇ ਆਉਂਦਿਆਂ ਹੀ ਉਨ੍ਹਾਂ ਨੇ ਸਾਡੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਉਸ ਨੇ ਦੱਸਿਆ ਕਿ ਇਸ ਸਮੇਂ ਮੇਰੇ ਨਾਲ ਮੇਰਾ ਭਰਾ ਅਕਾਸ਼ਦੀਪ ਭੱਟੀ ਵੀ ਮੌਜੂਦ ਸੀ, ਜਿਸ ਨੇ ਦੁਕਾਨ ਦੇ ਅੰਦਰ ਵੜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਨੇ ਸਾਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਨੌਜਵਾਨਾਂ ਨੇ ਮੇਰੇ ਚਾਚੇ ਦੇ ਲੜਕੇ ’ਤੇ ਹਮਲਾ ਕੀਤਾ ਸੀ ਪਰ ਅਸੀਂ ਉਸ ਸਮੇਂ ਵੀ ਪੁਲਸ ਨੂੰ ਸ਼ਿਕਾਇਤ ਕੀਤੀ ਸੀ।

ਪੁਲਸ ਨੇ ਉਸ ਸਮੇਂ ਵੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਖ਼ਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।