ਸ੍ਰੀ ਮੁਕਤਸਰ ਸਾਹਿਬ। ਰਾਈਸ ਮਿੱਲ ‘ਚੋਂ ਹਿੱਸਾ ਕੱਢਣ ਲਈ ਪਿਸਤੌਲ ਦੇ ਜ਼ੋਰ ‘ਤੇ ਖਾਲੀ ਪੇਪਰਾਂ ‘ਤੇ ਦਸਤਖ਼ਤ ਕਰਵਾਉਣ ਅਤੇ ਕੁੱਟਮਾਰ ਕਰਕੇ ਫੈਕਟਰੀ ‘ਚੋਂ ਬਾਹਰ ਕੱਢਣ ਤੋਂ ਪ੍ਰੇਸ਼ਾਨ ਸਟਾਰ ਰਾਈਸ ਮਿੱਲ ਦੇ ਹਿੱਸੇਦਾਰ ਸੁਨੀਲ ਜਿੰਦਲ ਉਰਫ ਸੰਨੀ ਜਿੰਦਲ ਨੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਸੰਨੀ ਜਿੰਦਲ ਬੀਤੇ ਸ਼ੁੱਕਰਵਾਰ ਸ਼ਾਮ ਤੋਂ ਲਾਪਤਾ ਸੀ। ਉਸ ਦੀ ਲਾਸ਼ ਸੋਮਵਾਰ ਨੂੰ ਰਾਜਸਥਾਨ ਨਹਿਰ ‘ਚੋਂ ਮਿਲੀ ਹੈ। ਕਥਿਤ ਮੁਲਜ਼ਮ ਉਸ ਦਾ ਸਕਾ ਮਾਮਾ ਅਤੇ ਉਸ ਦੇ ਦੋ ਪੁੱਤਰ ਹਨ। ਥਾਣਾ ਬਰੀਵਾਲਾ ਪੁਲਿਸ ਨੇ ਤਿੰਨਾਂ ਵਿਅਕਤੀਆਂ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।

ਕਥਿਤ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ‘ਚੋਂ ਬਾਹਰ ਦੱਸੇ ਜਾ ਰਹੇ ਹਨ। ਇਸ ਸਬੰਧੀ ਥਾਣਾ ਬਰੀਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਰਾਜ ਕੁਮਾਰ ਪੁੱਤਰ ਸੀਤਾ ਰਾਮ ਵਾਸੀ ਮੰਡੀ ਬਰੀਵਾਲਾ ਨੇ ਦੱਸਿਆ ਕਿ ਪਿੰਡ ਵੜਿੰਗ ਸਥਿਤ ‘ਸਟਾਰ ਰਾਈਸ ਮਿੱਲ’ ‘ਚ ਉਸ ਦੇ ਲੜਕੇ ਸੰਨੀ ਜਿੰਦਲ ਤੋਂ ਇਲਾਵਾ ਉਸ ਦਾ ਸਾਲਾ ਬੀਰਬਲ ਦਾਸ ਅਤੇ ਸਾਲੇ ਦੇ ਦੋ ਲੜਕੇ ਵਿਵੇਕਸ਼ੀਲ ਬਾਂਸਲ ਉਰਫ ਵਿੱਕੀ ਅਤੇ ਵਿਕਾਸਦੀਪ ਉਰਫ ਦੀਪਾ ਕਾਫੀ ਸਮੇਂ ਤੋਂ ਹਿੱਸੇਦਾਰ ਹਨ ਪਰ ਪਿਛਲੇ ਕੁਝ ਸਮੇਂ ਤੋਂ ਬੀਰਬਲ ਦਾਸ, ਵਿਵੇਕਸ਼ੀਲ ਅਤੇ ਵਿਕਾਸਦੀਪ ਮਿੱਲ ਵਿਚੋਂ ਉਸ ਦੇ ਬੇਟੇ ਦਾ ਹਿੱਸਾ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਚਾਹੁੰਦੇ ਸੀ ਕਿ ਸੰਨੀ ਥੋੜ੍ਹੇ ਬਹੁਤੇ ਪੈਸੇ ਲੈ ਕੇ ਸ਼ੈਲਰ ‘ਚੋਂ ਬਾਹਰ ਹੋ ਜਾਵੇ। ਉਹ ਉਸ ਨੂੰ ਪੂਰਾ ਹਿੱਸਾ ਦਿੱਤੇ ਬਿਨਾਂ ਹੀ ਸ਼ੈਲਰ ‘ਚੋਂ ਬਾਹਰ ਕੱਢਣਾ ਚਾਹੁੰਦੇ ਸੀ।

ਉਹਨਾਂ ਦੱਸਿਆ ਕਿ ਬੀਤੇ ਸ਼ੁੱਕਰਵਾਰ ਸ਼ਾਮ ਨੂੰ ਜਦੋਂ ਉਸ ਨੇ ਆਪਣੇ ਲੜਕੇ ਸੰਨੀ ਜਿੰਦਲ ਨੂੰ ਘਰ ਆਉਣ ਲਈ ਫੋਨ ਕੀਤਾ ਤਾਂ ਉਸ ਨੇ ਰੋਂਦੇ ਹੋਏ ਦੱਸਿਆ ਕਿ ਬੀਰਬਲ ਅਤੇ ਉਸ ਦੇ ਲੜਕਿਆਂ ਨੇ ਉਸ ਨੂੰ ਸ਼ੈਲਰ ‘ਤੇ ਬੁਲਾ ਕੇ ਪਿਸਤੌਲ ਦਿਖਾ ਕੇ ਡਰਾ ਧਮਕਾ ਕੇ ਖਾਲੀ ਕਾਗਜ਼ਾਂ ‘ਤੇ ਦਸਤਖਤ ਕਰਵਾ ਲਏ ਹਨ। ਇਸ ਤੋਂ ਬਾਅਦ ਉਸ ਦੀ ਕੁੱਟਮਾਰ ਕਰਨ ਮਗਰੋਂ ਉਸ ਨੂੰ ਸ਼ੈਲਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ।

ਇੰਨਾ ਹੀ ਨਹੀਂ ਉਨ੍ਹਾਂ ਨੇ ਉਸ ਨੂੰ ਇਹ ਵੀ ਕਿਹਾ ਕਿ ਜਾਂ ਤਾਂ ਉਹ ਖੁਦ ਮਰ ਜਾਵੇ, ਨਹੀਂ ਤਾਂ ਉਹ ਉਸ ਨੂੰ ਮਾਰ ਦੇਣਗੇ। ਰਾਜਕੁਮਾਰ ਨੇ ਦੱਸਿਆ ਕਿ ਇਸ ਮਗਰੋਂ ਉਨ੍ਹਾਂ ਦਾ ਲੜਕਾ ਘਰ ਨਹੀਂ ਪਹੁੰਚਿਆ। ਅਗਲੇ ਦਿਨ ਸ਼ਨੀਵਾਰ ਸ਼ਾਮ ਨੂੰ ਉਸ ਦੀ ਕਰੇਟਾ ਗੱਡੀ ਪਿੰਡ ਵੜਿੰਗ ਨੇੜੇ ਰਾਜਸਥਾਨ ਨਹਿਰ ਦੇ ਕੰਢੇ ਲਾਵਾਰਸ ਹਾਲਤ ‘ਚ ਖੜ੍ਹੀ ਮਿਲੀ। ਸੋਮਵਾਰ ਦੀ ਦੁਪਹਿਰ ਉਸ ਦੀ ਲਾਸ਼ ਪਿੰਡ ਭੁੱਲਰ ਦੇ ਨਜ਼ਦੀਕ ਸਥਿਤ ਪੁਲ ਦੇ ਕੋਲ ਮਿਲੀ। ਪੁਲਿਸ ਨੇ ਮ੍ਰਿਤਕ ਦੇ ਮਾਮਾ ਬੀਰਬਲ ਦਾਸ, ਉਸ ਮਾਮੇ ਦੇ ਲੜਕਿਆਂ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।