ਬਠਿੰਡਾ | ਸੂਬੇ ‘ਚ ਵਿਧਾਨ ਸਭਾ ਚੋਣਾਂ ਨੇੜੇ ਆਉਂਦੀ ਹੀ ਪੈਨਸ਼ਨ ਦੀ ਰਕਮ ਨੂੰ ਸਰਕਾਰ ਨੇ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤਾ ਹੈ ਪਰ ਇਸ ਦਾ ਸਿਆਸੀ ਢੋਲ ਵਜਾਉਣ ਲਈ ਅਗਸਤ ਮਹੀਨੇ ਬੈਂਕਾਂ ‘ਚ ਜਾਣ ਵਾਲੀ ਪੈਨਸ਼ਨ ਇਸ ਵਾਰ ਚੈੱਕ ਰਾਹੀਂ ਵੰਡੀ ਜਾਵੇਗੀ ਤਾਂ ਜੋ ਸਭ ਨੂੰ ਪਤਾ ਲੱਗ ਸਕੇ ਕਿ ਪੈਨਸ਼ਨ ਦੀ ਰਕਮ ਨੂੰ 1500 ਰੁਪਏ ਕਰ ਦਿੱਤਾ ਹੈ।

ਜੁਲਾਈ ਮਹੀਨੇ ਤੱਕ ਹਰ ਵਾਰ ਪੈਨਸ਼ਨ ਖਾਤਿਆਂ ‘ਚ ਹੀ ਜਮ੍ਹਾ ਹੁੰਦੀ ਰਹੀ ਹੈ ਪਰ ਇਸ ਵਾਰ ਇਹ ਹੁਣ ਤੱਕ ਲੋਕਾਂ ਨੂੰ ਨਸੀਬ ਨਹੀਂ ਹੋਈ। ਹਾਲਾਂਕਿ ਵਿਭਾਗ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਸਾਰੇ ਲੋਕਾਂ ਨੂੰ ਚੈੱਕ ਨਹੀਂ ਦਿੱਤੇ ਜਾਣਗੇ ਪਰ ਫਿਰ ਵੀ ਵਿਭਾਗ ਵੱਲੋਂ ਆਪਣੀ ਤਿਆਰੀ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਬਠਿੰਡਾ ਜ਼ਿਲ੍ਹੇ ‘ਚ 6 ਵਿਧਾਨ ਸਭਾ ਹਲਕੇ ਹਨ, ਜਿੱਥੇ ਹਰ ਹਲਕੇ ‘ਚ ਘੱਟੋ-ਘੱਟ 15-15 ਲੋਕਾਂ ਨੂੰ ਚੈੱਕ ਦਿੱਤੇ ਜਾਣਗੇ। ਇਸ ਤੋਂ ਬਾਅਦ ਬਾਕੀ ਲੋਕਾਂ ਦੇ ਖਾਤਿਆਂ ‘ਚ ਹੀ ਪੈਨਸ਼ਨ ਪਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਵਿਚ ਇਕ ਸਮੱਸਿਆ ਇਹ ਵੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਚੈੱਕ ਬਾਰੇ ਪਤਾ ਹੀ ਨਹੀਂ ਹੁੰਦਾ ਕਿ ਇਸ ਨੂੰ ਬੈਂਕ ਤੋਂ ਕਿਵੇਂ ਕੱਢਿਆ ਜਾਵੇ। ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੈਨਸ਼ਨ ਦੀ ਰਕਮ 2 ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਵੀ ਪੈਨਸ਼ਨ ਦੀ ਰਕਮ ਨੂੰ 1500 ਹੀ ਕੀਤਾ ਗਿਆ ਹੈ।

ਜ਼ਿਲ੍ਹੇ ਵਿਚ ਇਸ ਵੇਲੇ ਕੁੱਲ 1,40,134 ਪੈਨਸ਼ਨਰ ਹਨ। ਇਸ ਵਿਚ 98,517 ਬਜ਼ੁਰਗ ਤਾਂ 24,570 ਵਿਧਵਾ ਪੈਨਸ਼ਨਰ ਹਨ। ਇਸ ਤੋਂ ਇਲਾਵਾ 11,410 ਦਿਵਿਆਂਗ ਪੈਨਸ਼ਨਰ ਹਨ, ਜਦਕਿ 8407 ਪੈਨਸ਼ਨਰ ਆਸ਼ਰਿਤ ਹਨ।

ਮੰਤਰੀਆਂ, ਵਿਧਾਇਕਾਂ ਦੀ ਪੈਨਸ਼ਨ ਸਾਬਕਾ ਵਿਧਾਇਕਾਂ ਨੂੰ ਸਾਲ 1995 ‘ਚ ਫੈਮਿਲੀ ਪੈਨਸ਼ਨ ਦੇ ਤੌਰ ‘ਤੇ 500 ਮਿਲਦੇ ਸਨ, ਜੋ ਮਈ 2015 ਤੋਂ ਸਾਬਕਾ ਵਿਧਾਇਕਾਂ ਨੂੰ ਇਹ ਪੈਨਸ਼ਨ 7500 ਰੁਪਏ ਮਿਲਦੀ ਸੀ, ਜਦਕਿ 15 ਮਈ 2015 ‘ਚ ਸਰਕਾਰ ਨੇ ਸਾਬਕਾ ਵਿਧਾਇਕਾਂ ਦੀ ਪ੍ਰਾਇਮਰੀ ਪੈਨਸ਼ਨ ‘ਚ ਵਾਧਾ ਕਰ ਕੇ 10,000 ਕਰ ਦਿੱਤੀ ਸੀ।

ਇਸ ਤੋਂ ਬਾਅਦ ਗਠਜੋੜ ਸਰਕਾਰ ਨੇ ਅਕਤੂਬਰ 2016 ‘ਚ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਵਧਾ ਕੇ 15 ਹਜ਼ਾਰ ਕਰ ਦਿੱਤੀ। ਇਸ ਦੇ ਨਾਲ ਹੀ ਸਾਰੇ ਭੱਤਿਆਂ ਨੂੰ ਮਿਲਾ ਕੇ ਸਾਬਕਾ ਵਿਧਾਇਕਾਂ ਨੂੰ 45 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਮਿਲਦੀ ਹੈ।

ਪੰਜਾਬ ਦੇ ਕਰੀਬ ਅੱਧਾ ਦਰਸ਼ਨ ਤਾਂ ਅਜਿਹੇ ਸਾਬਕਾ ਵਿਧਾਇਕ ਹਨ, ਜਿਨ੍ਹਾਂ ਨੂੰ ਡਬਲ ਪੈਨਸ਼ਨ ਮਿਲਦੀ ਹੈ। ਇਹ ਸਾਬਕਾ ਵਿਧਾਇਕ ਸੰਸਦ ਮੈਂਬਰ ਰਹਿ ਚੁੱਕੇ ਹਨ, ਜਿਸ ਕਾਰਨ ਹੁਣ ਇਨ੍ਹਾਂ ਨੂੰ ਦੋਵਾਂ ਦੀ ਪੈਨਸ਼ਨ ਮਿਲ ਰਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)