ਅਗਸਤ 1982 ਵਿਚ ਸ਼ੁਰੂ ਹੋਏ ਧਰਮ-ਯੁੱਧ ਮੋਰਚੇ ਦੀ ਅੰਮ੍ਰਿਤਸਰ ਤੋਂ ਦਿੱਲੀ ਦੀ ਨਿਊਜ਼ ਏਜੰਸੀ ਯੂ.ਐਨ.ਆਈ. ਲਈ ਰੀਪੋਰਟਿੰਗ ਕਰਦਿਆਂ, ਮੈਨੂੰ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਗਏ ਫ਼ੌਜੀ ਹਮਲੇ ਲਈ ਤਿਆਰ ਹੁੰਦੀ ਫ਼ਿਜ਼ਾ ਨੂੰ ਨੇੜ੍ਹਿਓ ਤੱਕਣ ਦਾ ਮੌਕਾ ਮਿਿਲਆ।
ਸਿੱਖਾਂ
ਦੀ ਦਿੱਲੀ ਦਰਬਾਰ ਵਿਰੁੱਧ ਕਿਵੇਂ ਹੌਲੀ ਹੌਲੀ ਲਕੀਰ ਖਿੱਚੀ ਗਈ; ਕਿਵੇਂ ਉਸ ਸਮੇਂ ਦੀ ਪ੍ਰਧਾਨ
ਮੰਤਰੀ ਇੰਦਰਾ ਗਾਂਧੀ ਨੇ ਕਾਂਗਰਸ ਦੀ ਦਲਿਤ ਤੇ ਘੱਟ-ਗਿਣਤੀਆਂ ਪੱਖੀ ਨੀਤੀ ਨੂੰ 1980 ਦੇ ਦਹਾਕੇ ਦੇ ਮੁੱਢ ਵਿਚ ਹੀ
ਬਦਲਕੇ ਬਹੁ-ਗਿਣਤੀ ਹਿੰਦੂ ਸਮਾਜ ਪੱਖੀ ਬਣਾਕੇ ਆਪਣਾ ਸਿਆਸੀ ਆਧਾਰ ਵਧਾਉਣਾ ਸ਼ੁਰੂ ਕੀਤਾ; ਕਿਵੇਂ ਇਸ ਨਵੇਂ ਸਿਆਸੀ ਪੈਂਤੜੇ
ਤਹਿਤ ਇੰਦਰਾ ਗਾਂਧੀ ਨੇ ਦਰਿਆਈ ਪਾਣੀਆਂ ਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਕਾਣੀ ਵੰਡ ਕਰਕੇ ਹਿੰਦੂ
ਬਹੁ-ਗਿਣਤੀ ਸੂਬੇ ਹਰਿਆਣੇ ਦਾ ਪੱਖ ਪੂਰਿਆ; ਕਿਵੇਂ ਕੇਂਦਰ ਸਰਕਾਰ ਵਲੋਂ
ਪੰਜਾਬ ਨਾਲ ਕੀਤੇ ਗਏ ਜ਼ਾਹਰਾ ਵਿਤਕਰੇ ਵਿਰੁੱਧ ਅਕਾਲੀਆਂ ਵਲੋਂ ਧਰਮ ਯੁੱਧ ਮੋਰਚੇ ਦੇ ਨਾਂ ਹੇਠ
ਚਲਾਏ ਗਏ ਅੰਦੋਲਨ ਨੂੰ ਇੰਦਰਾ ਗਾਂਧੀ ਨੇ ਫਿਰਕੂ ਰੰਗਤ ਦਿੱਤੀ; ਸੂਬਿਆਂ ਨੂੰ ਵੱਧ ਅਧਿਕਾਰਾਂ ਦੀ
ਵਕਾਲਤ ਕਰਨ ਵਾਲੇ ਅਕਾਲੀ ਦਲ ਦੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਤੇ ਦੇਸ ਤੋੜਨ ਦਾ
ਦਸਤਾਵੇਜ਼ ਕਹਿਕੇ ਭੰਡਿਆ; ਸਰਕਾਰ
ਨੇ ਏਜੰਸੀਆਂ ਤੇ ਸੱਤਾ ਦੇ ਹੋਰ ਹੱਥ-ਕੰਡੇ ਵਰਤਕੇ ਪੰਜਾਬ ਵਿਚ ਹਿੰਸਾ ਤੇ ਕਤਲੋ-ਗਾਰਤ ਨੂੰ ਕਿਵੇਂ
ਪ੍ਰਚੰਡ ਕੀਤਾ ਅਤੇ ਕਿਵੇਂ ਦੇਸ-ਵਿਦੇਸ ਵਿਚ ਇਹ ਪ੍ਰਭਾਵ ਦਿੱਤਾ ਕਿ “ਪੰਜਾਬ ਵਿਚ ਸਿੱਖ ਹਿੰਦੂਆਂ ਨੂੰ
ਮਾਰ ਰਹੇ ਹਨ… ਇਸ
ਕਤਲੋਗਾਰਤ ਵਿਚ ਪਾਕਿਸਤਾਨ ਸਿੱਖਾਂ ਨੂੰ ਸ਼ਹਿ ਦੇ ਰਿਹਾ ਹੈ ……ਦੇਸ ਟੁੱਟਣ ਦੀ ਕਗਾਰ ਤੇ ਹੈ… ਦੇਸ ਦੀ ਅਜ਼ਾਦੀ ਖਤਰੇ ਵਿਚ
ਹੈ..।” ਇਸ
ਪ੍ਰਭਾਵ ਨੂੰ ਪੱੁਖਤਾ ਕਰਨ ਵਿਚ ਦੇਸ ਦੇ ਬਹੁਗਿਣਤੀ ਪੱਖੀ ਮੀਡੀਏ ਨੇ ਵੀ ਆਪਣੀ ਅਹਿਮ ਭੂਮਿਕਾ
ਨਿਭਾਈ। ਤਾ-ਪ੍ਰਤੀ ਦੀ ਪੱਤਰਕਾਰੀ ਕਰਦਿਆਂ, ਘਟਨਾਵਾਂ ਨੂੰ ਨੇੜ੍ਹਿਓ
ਵਾਚਦਿਆਂ, ਇਨ੍ਹਾਂ
ਦੇ ਪਿੱਛੇ ਦਿੱਖ ਤੇ ਅਦਿੱਖ ਪਾਤਰਾਂ ਨਾਲ ਰੂ-ਬਰੂ ਹੰੁਦਿਆਂ ਅਤੇ ਕਈਆਂ ਨਾਲ ਘੁਲਦਿਆਂ-ਮਿਲਦਿਆਂ
ਮੈਂ ਸਰਕਾਰ ਵਲੋਂ ਹਾਲਾਤਾਂ ਨੂੰ ਫੌਜੀ ਹਮਲੇ ਤੱਕ ਧੱਕਕੇ ਲਿਜਾਦਿਆਂ ਤੱਕਿਆ ਵੀ ਅਤੇ ਹੱਡੀ
ਹੰਢਾਇਆ ਵੀ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ
ਦੀਆਂ ਦਿੱਲੀ ਦਰਬਾਰ ਨਾਲ ਗੱਲ-ਮੁਕਾਉਣ ਦੀਆਂ ਸਿਰ-ਤੋੜ ਕੋਸ਼ਿਸ਼ਾਂ ਇੰਦਰਾਂ ਗਾਂਧੀ ਦੇ ‘ਸਮਝੌਤੇ ਦੇ ਪ੍ਰਪੰਚ ਤੇ
ਡਰਾਮੇਬਾਜ਼ੀ’ ਅੱਗੇ
ਫ਼ੇਲ ਹੰੁਦੀਆਂ ਤੱਕੀਆਂ।ਸੰਤ ਲੌਂਗੋਵਾਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਆਪਸੀ ਖਿੱਚੋਤਾਣ
ਅਤੇ ਬੱਬਰਾਂ ਤੇ ਭਿੰਡਰਾਂਵਾਲੇ ਜਥੇ ਦੇ ਹਥਿਆਰਬੰਦ ਮੈਂਬਰਾਂ ਦੀ ਆਪਸੀ ਖਹਿਬਾਜ਼ੀ ਨੂੰ ਨੇੜ੍ਹਿਓ
ਦੇਖਿਆ ਕਿਉਂਕਿ ਮੋਰਚੇ ਦੌਰਾਨ ਸਾਡੇ ਸਥਾਨਕ ਪੱਤਰਕਾਰਾਂ ਦੀ ਦੋਨਾਂ ਸੰਤਾਂ ਨਾਲ ਤਕਰੀਬਨ ਰੋਜ਼ਾਨਾ
ਮੁਲਾਕਾਤ ਹੁੰਦੀ ਰਹਿੰਦੀ ਸੀ।ਮੋਰਚੇ ਦੇ ਦਿਨੋ ਦਿਨ ਗਰਮ ਹੋਣ ਅਤੇ ਇਸ ਵਿਚ ਸਿੱਖਾਂ ਦੀ ਵਧਦੀ
ਸ਼ਮੂਲੀਅਤ ਤੇ ਅਕਾਲੀ ਲੀਡਰਾਂ ਦੇ ਘੱਟਦੇ ਸਿਆਸੀ ਵਕਾਰ ਨੂੰ ਵੀ ਨੇੜ੍ਹਿਓ ਡਿੱਠਾ। ਜੂਨ 1984 ਦੇ ਪਹਿਲੇ ਹਫਤੇ ਭਾਰੀ-ਗਿਣਤੀ
ਵਿਚ ਫੌਜ ਨੂੰ ਪੰਜਾਬ’ਚ
ਤਾਇਨਾਤ ਕਰਨਾ, ਸਾਰੇ
ਸੂਬੇ’ਚ
ਕਰਫਿਊ ਲਾਉਣਾ ਤੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਵਿੱਢਣ ਨੂੰ ਵੀ ਨੇੜ੍ਹੇ ਤੋਂ ਤੱਕਿਆ।ਸ੍ਰੀ
ਦਰਬਾਰ ਸਾਹਿਬ ਤੋਂ ਇਕ ਕਿਲੋ ਮੀਟਰ ਦੀ ਦੂਰੀ ਤੇ ਰਹਿੰਦਾ ਹੋਣ ਕਾਰਨ, ਮੈਂ ਤੋਪਾਂ-ਟੈਂਕਾਂ ਤੋਂ
ਵਰ੍ਹਦੇ ਗੋਲਿਆਂ ਦੀ ਦਿਲ-ਦਹਿਲਾਉਣ ਵਾਲੀ ਗੜਗੜਾਹਟ ਅਤੇ ਉਹ ਚੀਕ ਚਿਹਾੜਾ ਸੁਣਿਆ ਜਿਹੜਾ ਤਿੰਨ
ਦਹਾਕਿਆਂ ਬਾਅਦ ਅਜੇ ਵੀ ਮੇਰੇ ਦਿਲ-ਦਿਮਾਗ ਵਿਚ ਤਾਜ਼ਾ ਹੈ। ਫੌਜੀ ਹਮਲੇ ਬਾਅਦ ਗਲੀਆਂ-ਸੜ੍ਹੀਆਂ
ਲਾਸ਼ਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਦਰੋਂ ਮਿੳਂਸਿਪਲ ਕਮੇਟੀ ਦੇ ਕੂੜੇ੍ਹ ਵਾਲੇ ਟਰੱਕਾਂ-ਟਰਾਲੀਆਂ
ਰਾਹੀ ਸ਼ਮਸ਼ਾਨ ਘਾਟ ਢੋਂਹਦੇ ਵੀ ਮੈਂ ਆਪਣੀਆਂ ਅੱਖਾਂ ਨਾਲ ਤੱਕਿਆ ਹੈ।ਸੜ੍ਹਕੇ ਸੁਆਹ ਹੋਈ
ਸਿੱਖ-ਰੈਫ਼ਰੈਂਸ ਲਾਇਬਰੇਰੀ ਅਤੇ ਸ੍ਰੀ ਅਕਾਲ ਤਖਤ ਦੀ ਢੱਠੀ ਇਮਾਰਤ ਅੱਗੇ ਭੁਬਾਂ ਮਾਰ ਮਾਰ ਕੇ
ਰੋਦੇਂ ਸਿੱਖਾਂ ਵਿਚ ਸ਼ਾਮਲ ਵੀ ਹੋਇਆ ਅਤੇ ਉਨ੍ਹਾਂ ਦਰਦ-ਭਰੇ ਪਲਾਂ ਦੀ ਰੀਪੋਰਟਿੰਗ ਵੀ ਕੀਤੀ। ਸ੍ਰੀ
ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਦੇ ਤੁਰੰਤ ਬਾਅਦ ਅੰਮ੍ਰਿਤਸਰ ਵਿਚ ‘ਸ਼ੱਕੀ ਥਾਵਾਂ ਅਤੇ ਵਿਅਕਤੀਆਂ’ ਉਤੇ ਮਾਰੇ ਗਏ ਫੌਜੀ ਛਾਪਿਆਂ
ਵਿਚ ਮੈਂ ਵੀ ਲਪੇਟਿਆ ਗਿਆ ਸਾਂ।ਮੇਰੇ ਘਰ-ਦਫਤਰ ਤੇ ਹੋਏ ਫੌਜੀ ਟੁੱਕੜੀ ਦੇ ‘ਰੇਡ’ ਵਿਚੋਂ ਮੈਂ ਕੁਦਰਤੀ ਹੀ ਬੱਚ
ਗਿਆ ਸਾਂ।
ਫੌਜੀ
ਹਮਲੇ ਪਿਛੋਂ ਇੰਦਰਾ ਗਾਂਧੀ ਦੀ ਬਦਲਵੀਂ ਸਿਆਸਤ ਨੇ ਆਪਣੀਆਂ “ਪ੍ਰਾਪਤੀਆਂ” ਨੂੰ ਠੋਸ ਰਾਜਨੀਤੀ ਵਿਚ ਢਾਲਣ
ਲਈ ਅਤੇ ਵਸੀਹ
ਪੈਮਾਨੇ ਤੇ ਸਿੱਖ ਸ਼ਰਧਾਲੂਆਂ ਦੇ ਕੀਤੇ ਗਏ ਖੁੂਨ-ਖਰਾਬੇ ਨੂੰ ਛੁਪਾਉਣ ਲਈ ਕਈ ਚਾਲਾਂ ਚਲੀਆਂ।ਧਰਮ-ਨਿਰਪੱਖਤਾ ਦਾ ਢੌਂਗ ਖੜ੍ਹਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਢਾਹੀ ਗਈ ਇਮਾਰਤ ਦੀ ਮੁਰੰਮਤ ਕਰਵਾਉਣ ਅਤੇ ਕਈ ਸ਼ਰਤਾਂ ਅਧੀਨ ਦਰਬਾਰ ਸਾਹਿਬ ਨੂੰ ਸਿੰਘ ਸਾਹਿਬਾਨ ਦੇ ਹਵਾਲੇ ਕਰਨ ਵਰਗੀਆਂ ਬ੍ਰਾਹਮਣੀ ਕੂਟਨੀਤਿਕ ਚਾਲਾਂ ਦਾ ਪ੍ਰਗਟਾਵਾ ਵੀ ਸਾਹਮਣੇ ਆਇਆ ਸੀ।
ਫਿਰ, ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਅਤੇ ਦਮਦਮੀ ਟਕਸਾਲ ਦੀ ਹੋਈ ਮੁੜ ਚੜ੍ਹਤ, ਸਰਕਾਰੀ ਮੁਰੰਮਤ ਰਾਹੀਂ ਤਿਆਰ ਕੀਤੀ ਅਕਾਲ ਤਖਤ ਦੀ ਇਮਾਰਤ ਨੂੰ ਤੋੜ੍ਹ ਕੇ ਕਾਰ ਸੇਵਾ ਰਾਹੀ ਅਕਾਲ ਤਖਤ ਦੀ ਮੁੜ ਉਸਾਰੀ ਕਰਨ ਵਾਲੀ ਮਾਨਮੱਤੀ ਇਤਿਹਾਸਕ ਕਾਰਵਾਈ ਵਿਚ ਵੀ ਮੈਨੂੰ ਕਈ ਤਰੀਕਿਆਂ ਰਾਹੀਂ ਤਿਲ-ਫੱੁਲ ਹਿੱਸਾ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ।
ਸ੍ਰੀ ਦਰਬਾਰ ਸਹਿਬ ਉਤੇ ਕੀਤੇ ਗਏ ਫੌਜੀ ਹਮਲੇ ਤੋ ਪਿੱਛੋਂ ਸੰਤ ਜਰਨੈਲ ਸਿੰਘ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਤੇ ਉਸ ਨਾਲ ਜੁੜੇ ਸਿੱਖ ਆਗੂਆਂ ਵਲੋਂ ਹਰ ਅਹਿਮ ਮੌਕੇ ਆਪਣੀ ਨਦਾਨ ਸਿਆਸੀ ਸਮਝ ਕਾਰਨ ਕੀਤੇ ਜਾਂਦੇ ਗਲਤ ਫੈਸਲਿਆਂ ਨੂੰ ਵੀ ਵੇਖਿਆ। ਇਹਨਾਂ ਫੈਸਲਿਆਂ ਕਾਰਨ ਹੀ ਪਹਿਲਾਂ ਸੁਰਜੀਤ ਸਿੰਘ ਬਰਨਾਲਾ ਅਤੇ ਬਾਅਦ ਵਿਚ ਪਰਕਾਸ਼ ਸਿੰਘ ਬਾਦਲ ਦੀਆਂ ਤਿੰਨ ਸਰਕਾਰਾਂ ਬਣੀਆਂ।
26 ਜਨਵਰੀ 1986 ਦੇ ਸਰਬੱਤ ਖਾਲਸਾ ਵਲੋਂ ਬਣਾਈ ਗਈ ਪੰਥਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰੋਂ ਕੀਤਾ ਗਿਆ ‘ਖਾਲਿਸਤਾਨ’ ਦਾ ਐਲਾਨ, 1947 ਤੋਂ ਇਕ ਦਹਾਕਾ ਪਹਿਲਾਂ ਇੰਡੀਅਨ ਉਪ ਮਹਾਂਦੀਪ ਵਿਚ ਯੂਰਪ ਦੀ ਤਰਜ਼ ਤੇ ‘ਨੇਸ਼ਨ-ਸਟੇਟ’ ਖੜ੍ਹੀ ਕਰਨ ਵਾਲੀਆਂ ਚਲੀਆਂ ਰਾਜਨੀਤਿਕ ਪ੍ਰਕ੍ਰਿਆਵਾਂ ਦਾ ਹੀ ਦੁਹਰਾਉਣਾ ਸਾਬਤ ਹੋਇਆ। ਇਸ ਐਲਾਨ ਨਾਲ ‘ਹਿੰਦੂ-ਇਲੀਟ’ ਵਲੋ ‘ਹਿੰਦੂੂ-ਰਾਸ਼ਟਰ’ ਸਿਰਜਣ ਦੀ ਚਿਰਾਂ ਤੋਂ ਚਲਾਈ ਜਾ ਰਹੀ ਲੁਕਵੀਂ ਪ੍ਰਕ੍ਰਿਆ ਨੂੰ ਬਲ ਵੀ ਮਿਿਲਆ ਤੇ ਸਿੱਖ ਜਵਾਨੀ ਦਾ ਘਾਣ ਕਰਨ ਦਾ ਮੌਕਾ ਵੀ।ਸਿੱਖ ਭਾਈਚਾਰਾ ਦੋ ਹਿਿਸਆਂ ਵਿਚ ਵੰਡਿਆ ਗਿਆ।ਇਕ ਹਿੱਸੇ, ਖਾਸ ਕਰਕੇ ਅਮੀਰ ਸਿੱਖਾਂ ਨੇ ਦਿੱਲੀ ਦਰਬਾਰ ਦੀ ਸਿੱਧੀ ਚਾਕਰੀ ਕਰਨੀ ਸ਼ੁਰੂ ਕਰ ਦਿੱਤੀ। ਉਹ ਦੇਸ ਦੀ ‘ਏਕਤਾ ਅਖੰਡਤਾ’ ਦੇ ਖੁਦ ਅਲੰਬਰਦਾਰ ਹੀ ਨਹੀਂ ਬਣੇ ਬਲਕਿ ਦਿੱਲੀ ਦਰਬਾਰ ਵਲੋਂ ਸਿੱਖਾਂ ਉੱਤੇ ਢਾਹ ਗਏ ਅਤਿਆਚਾਰਾਂ ਨੂੰ ਜ਼ਾਇਜ਼ ਕਰਾਰ ਦੇਣ ਵਿਚ ਇੰਡੀਅਨ ਸਟੇਟ ਦੀ ਮਸ਼ੀਨਰੀ ਤੋਂ ਵੀ ਦੋ ਕਦਮ ਅੱਗੇ ਨਿਕਲ ਗਏ।
ਹੱਡੀਂ-ਹੰਢਾਈਆਂ ਸਿੱਖਾਂ ਦੀਆਂ ਸਿਆਸੀ ਕਮਜ਼ੋਰੀਆਂ ਦੀ ਕਸਕ ਤੇ ਸਿੱਖਾਂ ਵਲੋਂ ਭੋਗੇ ਲੰਬੇ ਸੰਤਾਪ ਦੀ ਟੀਸ ਮੈਨੂੰ ਦਿੱਲੀ ਵਿਚ ਪੱਤਰਕਾਰੀ ਕਰਦਿਆਂ ਦੋ-ਦਹਾਕੇ ਲਗਾਤਾਰ ਰੜ੍ਹਕਦੀ ਰਹੀ ਸੀ।ਦਿੱਲੀ ਅੰਦਰਲੇ ਸੱਤਾ ਦੇ ਗਲਿਆਰਿਆਂ ਵਿਚ ਪ੍ਰਚੱਲਤ ਕੂਟਨੀਤੀਆਂ ਨੇ ਮੇਰੀ ਰਾਜਨੀਤਿਕ ਸਮਝ ਨੂੰ ਤਾਂ ਜ਼ਰੂਰ ਗਹਿਰਾ ਕੀਤਾ, ਪਰ ਮੇਰੀ ਪੱਗ ਵਾਲੀ ਸਿੱਖ-ਦਿੱਖ ਤੇ ਵਿਰਸੇ ਨਾਲ ਜੁੜਤ ਨੇ ਮੈਨੂੰ ਮੇਰੇ ਬਹੁ-ਗਿਣਤੀ ਖੱਬੇ-ਪੱਖੀ ਦੋਸਤਾਂ ਤੇ ਸਹਿਕਰਮੀਆਂ ਵਾਂਗ ‘ਨੈਸ਼ਨਲਿਸਟ’ ਸਾਂਚੇ ਵਿਚ ਨਹੀਂ ਢਲਣ ਦਿੱਤਾ।ਰਾਜਧਾਨੀ ਦਿੱਲੀ ਵਿਚਲੇ ਮੇਰੇ ਲੰਬੇ ਵਸੇਬੇ ਨੇ, ਸਗੋਂ, ਮੈਨੁੂੰ ਇੰਡੀਆ ਦੀ ਭਿੰਨਤਾ-ਵਿਸ਼ਾਲਤਾ ਤੇ ਇਸਦੇ ਵੱਖ-ਵੱਖ ਕੌਮਾਂ ਦੇ ਸਮੂ੍ਹਹ ਹੋਣ ਦਾ ਵੱਧ ਅਹਿਸਾਸ ਕਰਵਾਇਆ।
ਯੂ.ਐਨ.ਆਈ. ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਵੀ, 2010 ਤੱਕ, ਮੇਰੇ ਵਿਚ ਹਿੰਮਤ ਤੇ ਹੌਸਲਾ ਨਹੀ ਸੀ ਕਿ ਮੈਂ ਆਪਣੇ ਦਿੱਲ-ਦਿਮਾਗ ਵਿਚ ਸਾਂਭੇ ਦਰਦ ਨੂੰ ਕਿਤਾਬੀ ਰੂਪ ਦੇ ਸਕਾਂ। ਹਾਂ, ਸ੍ਰੀ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਦੀ ਹਰ ਬਰਸੀ ਉਤੇ ਪੰਜਾਬੀ ਅਖਬਾਰਾਂ ਵਿਚ ਡੇਢ ਦਹਾਕਾ ਲੇਖ ਤੇ ਟਿਪਣੀਆਂ ਜ਼ਰੂਰ ਲਿਖਦਾ ਰਿਹਾ ਅਤੇ ਮੀਡੀਆ ਵਲੋਂ ਉਸ ਸਮੇਂ ਨਿਭਾਏ ਕੋਝੇ ਅਤੇ ਇਕ-ਪਾਸੜ ਰੋਲ ਦੀ ਲਗਾਤਾਰ ਨੁਕਤਾ-ਚੀਨੀ ਵੀ ਕਰਦਾ ਰਿਹਾ ਸਾਂ।
ਅਖੀਰ, ਮੈਨੂੰ ਚੰਡੀਗੜ੍ਹ ਆਉਣ ਪਿਛੋਂ, ਮੇਰਾ ਦੋਸਤ ਰਣਜੀਤ ਸਿੰਘ ਲਗਾਤਾਰ ਕਹਿੰਦਾ ਰਿਹਾ ਕਿ “ਤੰੂ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਰਾਹੀਂ ਸਿੱਖਾਂ ਉਤੇ ਵਾਪਰੇ ਵੱਡੇ ਤਵਾਰੀਖੀ ਦੁਖਾਂਤ ਨੂੰ ਅੱਖੀ ਡਿੱਠਾ ਹੈ… ਘਟਨਾਵਾਂ ਦੀ ਰਪਿੋਰਟਿੰਗ ਕੀਤੀ ਹੈ …ਤੰੂ ਇਤਿਹਾਸ ਦੇ ਇਸ ਮਹੱਤਵਪੂਰਨ ਕਾਂਢ ਦਾ ਸ਼ਾਖਸ਼ਾਤ ਗਵਾਹ ਹੈਂ.. ਤੂੰ ਇਹ ਗਵਾਹੀ ਕਿਤਾਬ ਦੇ ਰੂਪ ਵਿਚ ਪੇਸ਼ ਕਿਉਂ ਨਹੀ ਕਰਦਾ?…..ਨਾਲੇ ਹੁਣ ਆਪਣੀ ਕਿੰਨੀ ਕੁ ਉਮਰ ਬਾਕੀ ਰਹਿ ਗਈ ਹੈ…ਪਤਾ ਨਹੀ ਕਦੋਂ ਜਿੰਦਗੀ ਦੀ ਸ਼ਾਮ ਪੈ ਜਾਵੇ।” ਰਣਜੀਤ ਸਿੰਘ ਦੀਆਂ ਗੱਲਾਂ, ਅਕਸਰ ਹੀ ਮੈਨੂੰ ਪ੍ਰੋ. ਗੁਰਭਗਤ ਸਿੰਘ ਵਲੋਂ ਮੇਰੀ ਨਲਾਇਕੀ ਉਤੇ ਕਈ ਸਾਲ ਪਹਿਲਾਂ ਕੀਤੀ ਅਫ਼ਸੋਸ-ਨੁਮਾ ਟਿੱਪਣੀ ਯਾਦ ਕਰਵਾ ਦਿੰਦੀਆਂ।ਪ੍ਰੋਫੈਸਰ ਸਾਹਿਬ ਨੇ ਇੱਕ ਮੁਲਾਕਾਤ ਵਿਚ ਕਿਹਾ ਸੀ, “ਸਾਨੂੰ ਉਮੀਦ ਸੀ ਕਿ ਤੂੰ ਦਰਬਾਰ ਸਾਹਿਬ ਦੀ ਘਟਨਾਵਾਂ ਬਾਰੇ ਜ਼ਰੂਰ ਕੁਝ ਪ੍ਰੋਡਿਊਸ ਕਰੇਗਾ… ਪਰ..।” ਇਸ ਦੇ ਨਾਲ ਹੀ ਮੈਨੂੰ ਪੰਜਾਬ ਦੇ ਦੁਖਾਂਤ ਤੇ ਮਨੁੱਖੀ-ਹੱਕਾਂ ਦੇ ਕੀਤੇ ਗਏ ਘਾਣ ਬਾਰੇ ਬਾਹਰੋ ਆਕੇ ਤਿੰਨ ਕਿਤਾਬਾਂ ਲਿਖਣ ਵਾਲੇ ਰਾਮ ਨਰਾਇਣ ਕੁਮਾਰ ਦੇ ਸ਼ਬਦ ਵੀ ਯਾਦ ਆ ਜਾਂਦੇ।ਉਹ ਦਿੱਲੀ ਵਿਚ ਹੋਈਆਂ ਮਿਲਣੀਆਂ ਦੌਰਾਨ ਮੈਨੂੰ ਕਿਹਾ ਕਰਦਾ ਸੀ, “ਮੈਂ ਗੈਰ-ਪੰਜਾਬੀ ਹੋਕੇ ਵੀ ਤਿੰਨ ਪੁਸਤਕਾਂ ਲਿਖ ਦਿੱਤੀਆਂ …. ਪਰ ਤੂੰ ਅਜੇ ਤੱਕ ਂ ਕੁਝ ਵੀ ਕਿਉ ਨਹੀਂ ਲਿਿਖਆ?”
ਇਹ ਕਿਤਾਬ ਮੇਰੀਆਂ ਯਾਦਾਂ ਅਤੇ ਸਿਮਰਤੀ ਵਿੱਚ ਪਏ ਤੱਥਾਂ, ਪੀੜਾਂ ਤੇ ਦਰਦਾਂ ਦਾ ਮਹਿਜ਼ ਉਲੇਖ ਹੀ ਨਹੀਂ ਹੈ, ਬਲਕਿ ਮੈਂ ਜੋ ਕੁਝ ਵੀ ਦੇਖਿਆ, ਹੰਢਾਇਆ ਅਤੇ ਮਹਿਸੂਸ ਕੀਤਾ ਇਹ ਉਸਦੀ ਈਮਾਨਦਾਰੀ ਨਾਲ ਪੇਸ਼ ਕੀਤੀ ਗਈ ਤਸਵੀਰ ਹੈ।
ਇਹ ਮੇਰਾ ਵਿਸ਼ਵਾਸ਼ ਹੈ ਕਿ ਸਿੱਖ ਹੋਣ ਦੇ ਨਾਤੇ 1980 ਦੇ ਦਹਾਕੇ ਦੌਰਾਨ ਮੈਂ ਜੋ ਮਾਨਸਿਕ ਸੰਤਾਪ ਤੇ ਪੀੜ੍ਹ ਝੱਲੀ ਸੀ, ਉਸੇ ਤਰਾਂ੍ਹ ਦਾ, ਅਤੇ ਉਸ ਤੋਂ ਵੀ ਵੱਧ ਦਰਦ-ਵੇਦਨਾ ਬਹੁਤੇ ਸਿੱਖਾਂ ਨੇ ਵੀ ਹੰਢਾਈ ਸੀ। ਮੇਰੀ ਪੀੜ੍ਹ ਦੀ ਤਰ੍ਹਾਂ ਹੀ ਬਹੁਤੇ ਸਿੱਖਾਂ ਦੇ ਜ਼ਖ਼ਮ ਅਜੇ ਵੀ ਅੱਲੇ ਨੇ। ਮੈਂ ਧਰਮ-ਨਿਰਪੱਖ ਹੋਣ ਜਾਂ ਨਿਰਪੱਖ ਨਜ਼ਰੀਏ ਤੋਂ ਸਿੱਖ-ਦੁਖਾਂਤ ਦਾ ਇਤਿਹਾਸ ਲਿਖਣ ਦਾ ਦਾਅਵਾ ਬਿਲਕੁਲ ਨਹੀਂ ਕਰਦਾ।ਮੇਰੀਆਂ ਯਾਦਾਂ, ਕਈ ਹੋਰ ਪੀੜ੍ਹਤ ਤੇ ਵਿਚਾਰਵਾਨ ਸਿੱਖਾਂ ਦੇ ਅਹਿਸਾਸਾਂ ਅਤੇ ਸਮਝ ਵਿਚ ਸ਼ਾਮਲ ਹੋਕੇ ਸਿੱਖ ਜਗਤ ਦੇ ਸਮੂਹਕ ਦਰਦ ਨੂੰ ਬਿਆਨਣ ਦੀ ਨਿਗੂਨੀ ਜਿਹੀ ਕੋਸ਼ਿਸ਼ ਕਰਦੀਆਂ ਹਨ।
ਰਣਜੀਤ
ਸਿੰਘ ਦਾ ਮੈਂ ਤਹਿ-ਦਿਲੋਂ ਧੰਨਵਾਦੀ ਹਾਂ ਕਿ ਉਸਨੇ ਸਾਡੀਆਂ ਅਨੇਕ ਸੁਭਾ-ਸਵੇਰੇ ਪਾਰਕ ਵਿਚਲੀ ਸੈਰ
ਮਿਲਣੀਆਂ ਦੌਰਾਨ ਮੇਰੇ ਕਈ ਕੱਚ-ਘੜ੍ਹ ਵਿਚਾਰਾਂ ਤੇ ਸੰਕਲਪਾਂ ਦੀ ਸੁਧਾਈ ਤੇ ਪਕਿਆਈ ਕੀਤੀ ਅਤੇ
ਇਤਿਹਾਸ ਦੇ ਲੋੜ੍ਹੀਂਦੇ ਸਰੋਤ ਲੱਭਣ ਵਿਚ ਵਡਮੱੁਲੀ ਸਹਾਇਤਾ ਕੀਤੀ।
ਸੀਨੀਅਰ
ਪੱਤਰਕਾਰ ਦਲਬੀਰ ਸਿੰਘ ਭਾਜੀ ਦਾ ਤਾਂ ਮੈਂ ਬਹੁਤ ਹੀ ਰਿਣੀ ਹਾਂ ਕਿਉਂਕਿ ਉਹਨਾਂ ਦੀ 1982 ਤੋਂ ਲਗਾਤਾਰ ਮਾਣੀ ਸੰਗਤ ਤੋਂ
ਮੈਂ ਪੱਤਰਕਾਰੀ ਅਤੇ ਰਾਜਨੀਤੀ ਦੇ ਖੇਤਰ ਵਿਚ ਬਹੁਤ ਕੁਝ ਸਿੱਖਿਆ ਹੈ।ਮੈਂ ਸਿੱਖ ਚਿੰਤਕ ਗੁਰਬਚਨ
ਸਿੰਘ ਦਾ ਵੀ ਧੰਨਵਾਦੀ ਹਾਂ ਜਿਸਨੇ ਇਸ ਕਿਤਾਬ ਦੇ ਖਰੜ੍ਹੇ ਦੀ ਸੁਧਾਈ ਕੀਤੀ। ਇਹਨਾਂ ਤੋਂ ਇਲਾਵਾ, ਮੈਂ ਸਿੱਖ ਸੰਘਰਸ਼ ਨਾਲ ਜੁੜੇ
ਰਹੇ ਕਈ ਹੋਰ ਮਿਤਰਾਂ-ਦੋਸਤਾਂ ਖਾਸ ਕਰਕੇ ਗੁਰਦਰਸ਼ਨ ਸਿੰਘ ਬਾਹੀਆ ਦਾ ਵੀ ਸ਼ੁਕਰਗਜ਼ਾਰ ਹਾਂ
ਜਿੰਨ੍ਹਾਂ ਨੇ ਕਈ ਭੁਲੀਆਂ-ਵਿਸਰੀਆਂ ਗੱਲਾਂ ਤੇ ਤੱਥ ਯਾਦ ਕਰਵਾਏ।
ਅਖੀਰ’ਚ ਮੈਂ ‘ਸਿੰਘ ਬ੍ਰਦਰਜ਼’ ਅੰਮ੍ਰਿਤਸਰ ਦਾ ਧੰਨਵਾਦੀ ਹਾਂ ਜਿੰਨਾਂ ਨੇ ਮੇਰੀ ਲਿਖਤ ਨੂੰ ਕਿਤਾਬੀ ਰੂਪ ਵਿਚ ਪਾਠਕਾਂ ਸਾਹਮਣੇ ਲਿਆਂਦਾ ਹੈ।