1. ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ
ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ ।
ਦੇ ਗਈ ਹਿਯਾਤ ਮੌਤ ਨੂੰ ਕੈਸਾ ਜਵਾਬ ਦੇਖ ।
ਅੰਦਰੋਂ ਫ਼ਟੀ ਨਾ ਹੋਵੇ ਜਾਂ ਪਹਿਲੋਂ ਈ ਕਿਸੇ ਪੜ੍ਹੀ,
ਜੈਕਟ ਤੇ ਐਵੇਂ ਰੀਝ ਨਾ ਅੰਦਰੋਂ ਕਿਤਾਬ ਦੇਖ ।
ਹੈ ਦਰਦ ਬੇਹਿਸਾਬ ਤੇ ਹਾਲੇ ਬੜੀ ਹੈ ਰਾਤ,
ਕਿੰਨੀ ਕੁ ਰਹਿ ਗਈ ਹੈ ਤੂੰ ਅਪਣੀ ਸ਼ਰਾਬ ਦੇਖ ।
ਸੂਰਜ ਦਾ ਰੰਗ ਖੁਰ ਗਿਆ ਸੰਧਿਆ ਦੀ ਝੀਲ ਵਿੱਚ,
ਦਰਦਾਂ ਦੇ ਮਹਿਕ ਉਠੇ ਨੇ ਏਧਰ ਗੁਲਾਬ ਦੇਖ ।
ਤੋਤਾ, ਕਦੇ ਹੈ ਬਾਘ ਤੇ ਖ਼ਰਗੋਸ਼ ਹੈ ਕਦੇ,
ਇਕ ਆਦਮੀ ਦੇ ਕੋਲ ਨੇ ਕਿੰਨੇ ਨਕਾਬ ਦੇਖ ।
ਕਿੰਨੇ ‘ਯਜ਼ੀਦ’ ਨੇ ਖੜੇ ਕੰਢਿਆਂ ਦੇ ਇਰਦ ਗਿਰਦ,
ਬਣਕੇ ‘ਫ਼ਰਾਤ’ ਰਹਿ ਗਏ, ਸਤਲੁਜ ਚਨਾਬ ਦੇਖ ।
‘ਨਾਜ਼ਮ’ ਤੇ ‘ਪਾਬਲੋ’ ਦੇ ਅਜ ਗੀਤਾਂ ਤੇ ਬੰਦਸ਼ਾਂ,
‘ਜਗਤਾਰ’ ਕੈਸਾ ਆ ਗਿਆ ਹੈ ਇਨਕਲਾਬ ਦੇਖ ।
(੧੯੭੩-ਸ਼ੀਸ਼ੇ ਦਾ ਜੰਗਲ)
2. ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ
ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ ।
ਪੱਥਰ ‘ਤੇ ਨਕਸ਼ ਹਾਂ ਮੈਂ, ਮਿੱਟੀ ‘ਤੇ ਤਾਂ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ ।
ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ, ਖ਼ਾਮੋਸ਼ ਖ਼ੂਨ ਮੇਰਾ ।
ਇਤਿਹਾਸ ਦੇ ਸਫ਼ੇ ‘ਤੇ, ਤੇ ਵਕਤ ਦੇ ਪਰਾਂ ‘ਤੇ,
ਉਂਗਲਾਂ ਡੁਬੋ ਲਹੂ ਵਿੱਚ, ਲਿਖਿਆ ਹੈ ਨਾਮ ਤੇਰਾ ।
ਹਰ ਕਾਲ ਕੋਠੜੀ ਵਿੱਚ ਤੇਰਾ ਹੈ ਜ਼ਿਕਰ ਏਦਾਂ,
ਗਾਰਾਂ ‘ਚ ਚਾਂਦਨੀ ਦਾ, ਹੋਵੇ ਜਿਵੇਂ ਬਸੇਰਾ ।
ਆ ਆ ਕੇ ਯਾਦ ਤੇਰੀ, ਜੰਗਲ ਗ਼ਮਾਂ ਦਾ ਚੀਰੇ,
ਜੁਗਨੂੰ ਹੈ ਚੀਰ ਜਾਂਦਾ, ਜਿਉਂ ਰਾਤ ਦਾ ਹਨੇਰਾ ।
ਪੈਰਾਂ ‘ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ ।
ਮੇਰੇ ਵੀ ਪੈਰ ਚੁੰਮ ਕੇ, ਇਕ ਦਿਨ ਕਹੇਗੀ ਬੇੜੀ,
ਸਦ ਸ਼ੁਕਰ ਹੈ ਕਿ ਆਇਐ, ਮਹਿਬੂਬ ਅੰਤ ਮੇਰਾ ।
(੧੯੭੬)
3. ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇ ਮੁਸਕਰਾਵਾਂਗਾ
ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇ ਮੁਸਕਰਾਵਾਂਗਾ ।
ਜ਼ਰਾ ਮੱਥੇ ‘ਤੇ ਵਟ ਵੇਖੇ, ਉਥਾਂਈਂ ਤਿੜਕ ਜਾਵਾਂਗਾ ।
ਮੈਂ ਸੁਣਿਆ ਹੈ ਕਿ ਤੇਰੇ ਸ਼ਹਿਰ ਅਜ ਕਲ੍ਹ ਕਰਫ਼ਿਓ ਲੱਗੈ,
ਨਤੀਜਾ ਕੁਝ ਵੀ ਨਿਕਲੇ, ਪਰ ਮੈਂ ਆਵਾਂਗਾ ਮੈਂ ਆਵਾਂਗਾ ।
ਜੇ ਬਣ ਕੇ ਬਿਰਖ ਤੂੰ ਉੱਗੀ ਤਾਂ ਤੈਥੋਂ ਜਰ ਨਹੀਂ ਹੋਣਾ,
ਜਾਂ ਬਿਜੜਾ ਬਣ ਕੇ ਤੇਰੀ ਹਰ ਲਗਰ ਤੇ ਘਰ ਬਣਾਵਾਂਗਾ ।
ਕਦੇ ਜੁਗਨੂੰ, ਕਦੇ ਤਾਰਾ, ਕਦੇ ਮੈਂ ਅੱਥਰੂ ਬਣ ਕੇ,
ਤਿਰੇ ਵਿਹੜੇ, ਕਦੇ ਝਿੰਮਣੀ ਤਿਰੀ ਤੇ ਝਿਲਮਲਾਵਾਂਗਾ ।
ਮਿਰੀ ਨਗਰੀ ਹੈ ਜ਼ਹਿਰੀਲੀ ਤੇ ਘਰ ਦੀ ਧਰਤ ਪਥਰੀਲੀ,
ਲਿਜਾ ਕੇ ਰਾਤ ਦੀ ਰਾਣੀ ਮੈਂ ਕਿਸ ਵਿਹੜੇ ‘ਚ ਲਾਵਾਂਗਾ ।
ਉਡੀਕਾਂਗਾ ਮੈਂ ਸਾਰੀ ਰਾਤ ਪਰ ਜੇ ਆ ਸਕੀ ਨਾ ਤੂੰ,
ਕੀ ਆਖੇਗੀ ਫ਼ਜਰ ਜਦ ਹਾਰ ਕੇ ਦੀਵੇ ਬੁਝਾਵਾਂਗਾ ।
ਜੁਦਾ ਹੋਇਆ ਤਾਂ ਹੋਵਾਂਗਾ ਜੁਦਾ ਖ਼ੁਸ਼ਬੂ ਤਰ੍ਹਾਂ ਤੈਥੋਂ,
ਨਿਭੀ ਤਾਂ ਰੰਗ ਵਾਂਗੂੰ ਆਖ਼ਰੀ ਦਮ ਤਕ ਨਿਭਾਵਾਂਗਾ ।
ਮੁਹੱਬਤ ਨਾਲ ਜਦ ‘ਜਗਤਾਰ’ ਨੂੰ ਸਦਿਆ ਬੁਲਾਇਆ ਤੂੰ,
ਹਵਾ ਰੁਮਕਣ ਤੇ ਅੱਖ ਝਮਕਣ ਤੋਂ ਪਹਿਲਾਂ ਪਹੁੰਚ ਜਾਵਾਂਗਾ ।
(ਦਸੰਬਰ ੧੯੭੮)
4. ਬਾਗ਼ ਅੰਦਰ ਸੜ ਰਹੀ ਹਰ ਡਾਲ ਹੈ
ਬਾਗ਼ ਅੰਦਰ ਸੜ ਰਹੀ ਹਰ ਡਾਲ ਹੈ ।
ਫੇਰ ਵੀ ਰੰਗਾਂ ਦੀ ਸਾਨੂੰ ਭਾਲ ਹੈ ।
ਵਣ ਹਰਾ ਹੈ ਪਰ ਕਿਵੇਂ ਗੁਜ਼ਰਾਂਗਾ ਮੈਂ,
ਅੱਗ ਮੇਰੇ ਜਿਸਮ ਦੀ ਵੀ ਨਾਲ ਹੈ ।
ਮੇਰੇ ਪਿੱਛੇ ਆ ਰਹੀ ਜੋ ਪੈਰ-ਚਾਪ,
ਇਹ ਵੀ ਤਨਹਾਈ ਦੀ ਕੋਈ ਚਾਲ ਹੈ ।
ਧਰਤ ਪੀਲੀ ਅਲਫ਼-ਨੰਗੀਆਂ ਟਾਹਣੀਆਂ,
ਪੌਣ ਨੂੰ ਹਾਲੇ ਵੀ ਕਿਸ ਦੀ ਭਾਲ ਹੈ ।
ਉਲਝਿਆ ਆਦਮ ਭਲਾ ਸਮਝੇਗਾ ਕੀ,
ਧਰਤ ਸਾਰੀ ਦਰਅਸਲ ਇਕ ਜਾਲ ਹੈ ।
ਮੁਸ਼ਕਿਲਾਂ ਦਾ ਸਿਲਸਿਲਾ ਟੁਟਣਾ ਨਹੀਂ,
ਪਾਰ ਵਣ ਤੋਂ, ਪਰਬਤਾਂ ਦੀ ਪਾਲ ਹੈ ।
(੧੯੬੬)
5. ਜਦੋਂ ਮੂੰਹ-ਜ਼ੋਰ ਤੇ ਅੰਨ੍ਹੀ ਹਵਾ ਸੀ
ਜਦੋਂ ਮੂੰਹ-ਜ਼ੋਰ ਤੇ ਅੰਨ੍ਹੀ ਹਵਾ ਸੀ ।
ਮੈਂ ਦੀਵੇ ਵਾਂਗ ਚੌਰਾਹੇ ਖੜਾ ਸੀ ।
ਮਿਰੇ ਚਿਹਰੇ ਤੇ ਕੀ ਲਿਖਿਆ ਗਿਆ ਸੀ,
ਜੁਦਾ ਹੋਏ ਤਾਂ ਹਰ ਇਕ ਪੜ੍ਹ ਰਿਹਾ ਸੀ ।
ਉਹ ਭਾਵੇਂ ਮੂੰਹੋਂ-ਮੂੰਹ ਭਰਿਆ ਪਿਆ ਸੀ,
ਪਰ ਉਸਦੇ ਦਿਲ ‘ਚ ਤਹਿ ਦਰ ਤਹਿ ਖ਼ਲਾ ਸੀ ।
ਮੈਂ ਜਿਸਨੂੰ ਫੜ ਕੇ ਤੇਰੇ ਸ਼ਹਿਰ ਪੁੱਜਾ,
ਮਿਰੀ ਆਵਾਜ਼ ਦਾ ਹੀ ਇਕ ਸਿਰਾ ਸੀ ।
ਸਦਾ ਗੁੰਬਦ ‘ਚੋਂ ਜੀਕੂੰ ਪਰਤਦੀ ਹੈ,
ਤਿਰੇ ਸ਼ਹਿਰੋਂ ਮੈਂ ਏਦਾਂ ਪਰਤਿਆ ਸੀ ।
ਤਿਰੇ ਨੈਣਾਂ ‘ਚ ਹਾਲੇ ਰਤਜਗੇ ਨੇ,
ਤੂੰ ਮੈਨੂੰ ਖ਼ਾਬ ਵਿਚ ਕਦ ਵੇਖਿਆ ਸੀ ?
ਦਰਖ਼ਤਾਂ ਦਾ ਹਰਾ ਪੁਰਸ਼ੋਰ-ਲਸ਼ਕਰ,
ਹਵਾ ਦੇ ਨਾਲ ਹੀ ਬਸ ਮਰ ਗਿਆ ਸੀ ।
ਉਹ ‘ਚੰਡੀਗੜ੍ਹ’ ‘ਚ ਪੱਥਰ ਬਣ ਗਿਆ ਹੈ,
ਜੋ ‘ਰਾਜਗੁਮਾਲ’ ਵਿੱਚ ਪਾਰੇ ਜਿਹਾ ਸੀ ।
(੧੯੭੫)
6. ਮਹਿਰਮ ਦਿਲਾਂ ਦੇ ਜਾਨ ਤੋਂ ਵੀ ਲਾਡਲੇ ਲਹੌਰ
ਮਹਿਰਮ ਦਿਲਾਂ ਦੇ ਜਾਨ ਤੋਂ ਵੀ ਲਾਡਲੇ ਲਹੌਰ ।
ਹੁਣ ਤਰਸਦੇ ਹਾਂ ਜਾਣ ਨੂੰ ਉਸ ਰਾਂਗਲੇ ਲਹੌਰ ।
ਕੈਸੀ ਹੈ ਦੋਸਤੀ ਤੇ ਇਹ ਕੈਸੀ ਹੈ ਦੁਸ਼ਮਣੀ,
ਧੂੰਆਂ ਛਟੇ ਤਾਂ ਰੋ ਪਵੇ ਲਗ ਕੇ ਗਲੇ ਲਹੌਰ ।
‘ਮਾਧੋ’ ਦੇ ਵਾਂਗ ਹੋਏਗੀ ਹਾਲਤ ‘ਹੁਸੈਨ’ ਦੀ,
ਏਧਰ ਹਨੇਰ ਦਰਦ ਦਾ ਪਰ ਦਿਲ ਜਲੇ ਲਹੌਰ ।
ਪਾਰੇ ਦੇ ਵਾਂਗ ਥਰਕਦੇ ਲਾਟਾਂ ਜਿਹੇ ਬਦਨ,
ਕੀ ਦੋਸਤੋ ਨਿਕਲਦੇ ਨੇ ਹੁਣ ਦਿਨ ਢਲੇ ਲਹੌਰ ।
ਟੁਟਣੀ ਕਦੇ ਵੀ ਸਾਂਝ ਨਾ ਲੋਕਾਂ ਦੇ ਦਰਦ ਦੀ,
ਦਿੱਲੀ ਵਲੇ, ਵਲੇ ਪਿਆ ਲਖ ਵਾਗਲੇ ਲਹੌਰ ।
ਗਿੱਮੀ, ਫ਼ਖ਼ਰ, ਬਸ਼ੀਰ, ਕੁੰਜਾਹੀ, ਮੁਨੀਰ, ਇਕਬਾਲ,
ਵਸਦੇ ਨੇ ਯਾਰ ਜਿਸ ਜਗ੍ਹਾ, ਫੁੱਲੇ ਫਲੇ ਲਹੌਰ ।
ਮੇਰਾ ਸਲਾਮ ਹੈ ਮਿਰਾ ਸਜਦਾ ਹੈ ਬਾਰ ਬਾਰ,
ਕਬਰਾਂ ‘ਚ ਯਾਰ ਸੌਂ ਰਹੇ ਜੋ ਰਾਂਗਲੇ ਲਹੌਰ ।
ਦਿਲ ਤੋਂ ਕਰੀਬ ਜਾਨ ਤੋਂ ਪਿਆਰਾ ਹੈ ਜੋ ਅਜੇ,
ਉਹ ਦੂਰ ਹੋ ਗਿਆ ਹੈ ਜਾ ਕੇ ਲਾਗਲੇ ਲਹੌਰ ।
‘ਜਗਤਾਰ’ ਦੀ ਦੁਆ ਹੈ ਤਾਂ ਤੂੰ ਰੱਬ ! ਕਬੂਲ ਕਰ,
ਦਿੱਲੀ ‘ਚ ਹੋਵੇ ਚਾਨਣਾ ਦੀਵਾ ਬਲੇ ਲਹੌਰ ।