ਮੱਧ ਪ੍ਰਦੇਸ਼ | ਇਥੋਂ ਦੇ ਖੰਡਵਾ ਦੇ ਪ੍ਰਾਈਵੇਟ ਸਕੂਲ ਨੇ ਪ੍ਰਸ਼ਨ ਪੱਤਰ ‘ਚ ਅਜਿਹਾ ਸਵਾਲ ਪੁੱਛ ਲਿਆ ਕਿ ਪੜ੍ਹ ਕੇ ਹਰ ਕੋਈ ਹੈਰਾਨ ਰਹਿ ਗਿਆ।

ਦਰਅਸਲ 6ਵੀਂ ਜਮਾਤ ਦੇ ਬੱਚਿਆਂ ਨੂੰ ਟਰਮ ਇਮਤਿਹਾਨ ਵਿੱਚ ਕਰੀਨਾ ਕਪੂਰ ਦੇ ਬੇਟੇ ਦਾ ਨਾਂ ਪੁੱਛ ਲਿਆ ਗਿਆ, ਜਦੋਂ ਪ੍ਰਸ਼ਨ ਪੱਤਰ ਪੇਰੈਂਟਸ-ਟੀਚਰਜ਼ ਯੂਨੀਅਨ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਇਤਰਾਜ਼ ਕੀਤਾ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਦਿੱਤੀ। ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਸਕੂਲ ਨੂੰ ਨੋਟਿਸ ਦੇਣ ਲਈ ਕਿਹਾ ਗਿਆ ਹੈ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ।

ਜਾਣਕਾਰੀ ਅਨੁਸਾਰ ਖੰਡਵਾ ਦੇ ਅਕਾਦਮਿਕ ਹਾਈਟ ਪਬਲਿਕ ਸਕੂਲ ਵਿੱਚ 6ਵੀਂ ਜਮਾਤ ਦੀ ਟਰਮ ਪ੍ਰੀਖਿਆ ਚੱਲ ਰਹੀ ਸੀ। ਬੱਚਿਆਂ ਲਈ ਆਮ ਗਿਆਨ ਦਾ ਪੇਪਰ ਸੀ। ਇਸ ਵਿੱਚ ਇਕ ਸਵਾਲ ਇਹ ਵੀ ਪੁੱਛਿਆ ਗਿਆ ਸੀ ਕਿ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦੇ ਬੇਟੇ ਦਾ ਪੂਰਾ ਨਾਂ ਕੀ ਹੈ।

ਇਸ ਬਾਰੇ ਜਦੋਂ ਮਾਪੇ-ਅਧਿਆਪਕ ਯੂਨੀਅਨ ਨੂੰ ਪਤਾ ਲੱਗਾ ਤਾਂ ਉਨ੍ਹਾਂ ਅਜਿਹੇ ਸਵਾਲ ਪੁੱਛੇ ਜਾਣ ‘ਤੇ ਇਤਰਾਜ਼ ਜਤਾਇਆ ਤੇ ਇਸ ਨੂੰ ਗੰਭੀਰ ਮਾਮਲਾ ਦੱਸਦਿਆਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ।

ਯੂਨੀਅਨ ਦੇ ਇਕ ਮੈਂਬਰ ਦਾ ਕਹਿਣਾ ਹੈ ਕਿ ਜੇਕਰ ਸਕੂਲ ਨੇ ਸਵਾਲ ਪੁੱਛਣਾ ਹੀ ਸੀ ਤਾਂ ਦੇਸ਼ ਦੇ ਮਹਾਪੁਰਸ਼ਾਂ ਜਾਂ ਸ਼ਹੀਦਾਂ ਬਾਰੇ ਪੁੱਛ ਲੈਂਦੇ, ਹੁਣ ਕੀ ਬੱਚਿਆਂ ਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਫਿਲਮ ਸਟਾਰ ਦੇ ਬੱਚਿਆਂ ਦੇ ਨਾਂ ਕੀ ਹਨ?

ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ ਗਿਆ ਤੇ ਸਕੂਲ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਸਿੱਖਿਆ ਵਿਭਾਗ ਵੱਲੋਂ ਦੱਸਿਆ ਗਿਆ ਕਿ ਇਤਰਾਜ਼ ਮਿਲੇ ਹਨ। ਇਸ ਮਾਮਲੇ ਵਿੱਚ ਸਬੰਧਤ ਸਕੂਲ ਨੂੰ ਨੋਟਿਸ ਦੇ ਕੇ ਜਵਾਬ ਮੰਗਿਆ ਜਾਵੇਗਾ।