ਨਵੀਂਂ ਦਿੱਲੀ| ਭਾਰਤ ਸਰਕਾਰ ਨੇ 14 ਫਿਕਸਡ ਡੋਜ਼ ਕੰਬੀਨੇਸ਼ਨ (FDC) ਦਵਾਈਆਂ ‘ਤੇ ਪਾਬੰਦੀ ਲਗਾ ਦਿਤੀ ਹੈ। ਇਹ ਦਵਾਈਆਂ ਹੁਣ ਬਾਜ਼ਾਰ ਵਿਚ ਉਪਲਬਧ ਨਹੀਂ ਹਨ। ਇਨ੍ਹਾਂ ‘ਚੋਂ ਕਈ ਦਵਾਈਆਂ ਅਜਿਹੀਆਂ ਹਨ ਜੋ ਤੁਰੰਤ ਰਾਹਤ ਤਾਂ ਦਿੰਦੀਆਂ ਹੀ ਹਨ ਪਰ ਇਹ ਲੋਕਾਂ ਨੂੰ ਨੁਕਸਾਨ ਵੀ ਪਹੁੰਚਾਉਂਦੀਆਂ ਹਨ। ਕੇਂਦਰ ਸਰਕਾਰ ਨੇ ਮਾਹਰਾਂ ਦੀ ਕਮੇਟੀ ਦੀ ਸਲਾਹ ‘ਤੇ ਇਹ ਕਦਮ ਚੁਕਿਆ ਹੈ। ਇਨ੍ਹਾਂ ਦਵਾਈਆਂ ਵਿਚ ਦੋ ਜਾਂ ਦੋ ਤੋਂ ਵੱਧ ਦਵਾਈਆਂ ਦਾ ਸੁਮੇਲ ਹੁੰਦਾ ਹੈ।


ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪਾਬੰਦੀਸ਼ੁਦਾ ਦਵਾਈਆਂ ਵਿਚ ਕਲੋਫੇਨਿਰਾਮਾਈਨ ਮੈਲੇਟ ਅਤੇ ਕੋਡੀਨ ਸੀਰਪ, ਫੋਲਕੋਡੀਨ ਅਤੇ ਪ੍ਰੋਮੇਥਾਜ਼ੀਨ, ਅਮੋਕਸੋਲੀਨ ਅਤੇ ਬ੍ਰੋਮਹੈਕਸੀਨ ਦੇ ਸੁਮੇਲ ਤੋਂ ਇਲਾਵਾ ਜ਼ੁਕਾਮ ਅਤੇ ਖੰਘ, ਬੁਖ਼ਾਰ ਘਟਾਉਣ ਵਾਲੀਆਂ ਨਾਈਮੇਸੁਲਾਇਡ ਅਤੇ ਪੈਰਾਸੀਟਾਮੋਲ ਗੋਲੀਆਂ ਵਰਗੀਆਂ ਆਮ ਲਾਗਾਂ ਦੂਰ ਕਰਨ ਵਾਲਿਆਂ ਦਵਾਈਆਂ ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਬ੍ਰੋਹੇਕਸਾਈਨ ਅਤੇ ਡੈਕਸਟ੍ਰੋਮੇਥੋਰਫਾਨ ਅਤੇ ਅਮੋਨੀਅਮ ਕਲੋਰਾਈਡ ਅਤੇ ਮੇਨਥੌਲ, ਪੈਰਾਸੀਟਾਮੋਲ ਅਤੇ ਬ੍ਰੋਹੇਕਸਾਈਨ ਅਤੇ ਫੇਨੀਲੇਫ੍ਰਾਈਨ ਅਤੇ ਕਲੋਰਫੇਨਿਰਾਮਾਈਨ ਅਤੇ ਗੁਆਈਫੇਨੇਸਿਨ ਅਤੇ ਸਲਬੂਟਾਮੋਲ ਅਤੇ ਬ੍ਰੋਹੇਕਸੀਨ ਦੇ ਸੁਮੇਲ ਵਾਲੀਆਂ ਦਵਾਈਆਂ ਸ਼ਾਮਲ ਹਨ।

FDC ਦਵਾਈਆਂ ਕੀ ਹਨ?
ਫਿਕਸਡ ਡੋਜ਼ ਕੰਬੀਨੇਸ਼ਨ (FDC) ਇਕ ਅਜਿਹੀ ਦਵਾਈ ਹੈ ਜੋ ਦੋ ਜਾਂ ਦੋ ਤੋਂ ਵੱਧ ਦਵਾਈਆਂ ਨੂੰ ਮਿਲਾ ਕੇ ਤਿਆਰ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ‘ਕਾਕਟੇਲ’ ਡਰੱਗਜ਼ ਵੀ ਕਿਹਾ ਜਾਂਦਾ ਹੈ। ਐਫ.ਡੀ.ਸੀ. ਦਵਾਈ ਬਾਰੇ ਅਕਸਰ ਬਹਿਸ ਹੁੰਦੀ ਰਹੀ ਹੈ ਕਿ ਕੀ ਅਜਿਹੇ ਸੰਜੋਗ ਬਣਾਏ ਜਾਣੇ ਚਾਹੀਦੇ ਹਨ ਜਾਂ ਨਹੀਂ। ਅਮਰੀਕਾ ਅਤੇ ਕਈ ਯੂਰਪੀ ਦੇਸ਼ਾਂ ਵਿਚ ਐਫ਼.ਡੀ.ਸੀ. ਦਵਾਈਆਂ ਦੀ ਬਹੁਤਾਤ ਉਤੇ ਪਾਬੰਦੀ ਹੈ। ਮੰਨਿਆ ਜਾਂਦਾ ਹੈ ਕਿ ਭਾਰਤ ਵਿਚ ਐਫ਼.ਡੀ.ਸੀ. ਦਵਾਈਆਂ ਸਭ ਤੋਂ ਵੱਧ ਵਿਕਦੀਆਂ ਹਨ।

ਇਨ੍ਹਾਂ ਦਵਾਈਆਂ ‘ਤੇ ਲਗਾਈ ਪਾਬੰਦੀ-
ਨਿਮੇਸੁਲਾਈਡ + ਪੈਰਾਸੀਟਾਮੋਲ ਗੋਲੀਆਂ
ਕਲੋਫੇਨਿਰਾਮਾਈਨ ਮੈਲੇਟ + ਕੋਡੀਨ ਸੀਰਪ
ਫੋਲਕੋਡਾਈਨ + ਪ੍ਰੋਮੇਥਾਜ਼ੀਨ
ਅਮੋਕਸੀਸਿਲਿਨ + ਬ੍ਰੋਮਹੈਕਸੀਨ
ਬ੍ਰੋਮਹੈਕਸੀਨ + ਡੈਕਸਟ੍ਰੋਮੇਥੋਰਫਾਨ + ਅਮੋਨੀਅਮ ਕਲੋਰਾਈਡ + ਮੇਂਥੋਲ
ਪੈਰਾਸੀਟਾਮੋਲ + ਬ੍ਰੋਮਹੈਕਸੀਨ + ਫੇਨੀਲੇਫ੍ਰਾਈਨ + ਕਲੋਰਫੇਨਿਰਾਮਾਈਨ + ਗੁਆਇਫੇਨੇਸਿਨ ਅਤੇ ਸਲਬੂਟਾਮੋਲ + ਬ੍ਰੋਮਹੈਕਸੀਨ