-ਨਿੰਦਰ ਘੁਗਿਆਣਵੀ
(ਲੇਖਕ ਨਾਲ ਇਸ 9417421700 ‘ਤੇ ਸੰਪਰਕ ਕੀਤਾ ਜਾ ਸਕਦਾ ਹੈ
।)
ਤਾਇਆ ਕਹਿੰਦਾ ਹੈ ਦਾਦੀ ਨੂੰ। ਦਾਦੀ ਬੋਲੀ,”ਚੰਗਾ ਪੁੱਤ—ਵਾਖਰੂ ਮੇਹਰ ਕਰੇ–ਤੁਸੀ ਖਾਣ ਆਲੇ ਬਣੋ ਭਾਈ ਵੇ–ਬੜੇ ਦਿਨ ਹੋਗੇ ਕੜੀ ਧਰੀ ਨੂੰ ਪੁੱਤ ਵੇ–।”
ਦਾਦੀ ਨੇ ਦੁਪਹਿਰ ਵੇਲੇ ਹੀ ਕੁੱਜੇ ਵਿਚ ਕਈ ਕੁਛ ਪਾਉਣਾ ਸ਼ੁਰੂ ਕੀਤਾ। ਪਾਥੀਆਂ ਧੁਖਣ ਲੱਗੀਆਂ। ਹਾਰੇ ਵਿਚ ਕੜੀ ਰਿੰਨਣੀ ਧਰ ਦਿਤੀ। ਵੇਸਣ ਪਾਇਆ ਵਿਚ ਲੱਸੀ ਰਲਾਈ।ਆਲੂ ਤੇ ਗੰਢੇ ਬਾਰੀਕ ਬਾਰੀਕ ਚੀਰੇ ਤੇ ਸੁੱਟੇ। ਜੀਰਾ ਤੇ ਲੂਣ ਵੀ ਧੂੜਿਆ ਤੇ ਹਰੀਆਂ ਮਿਰਚਾਂ ਵੀ ਕੁਤਰੀਆਂ। ਕੁੱਜੇ ਉਤੇ ਚੱਪਣੀ ਰੱਖ ਫਿਰ ਉਹ ਹੋਰ ਕੰਮ ਲੱਗ ਗਈ, ਜਿਵੇਂ ਕੜੀ ਧਰਨੀ ਭੁੱਲ ਗਈ ਹੋਵੇ!


ਹਾਰੇ ਵਿਚ ਗੋਹਿਆ ਦੀ ਭੁੱਬਲ ਥੱਲੇ ਕੜ ਰਹੀ ਕੜੀ ਦੀ ਖੁਸ਼ਬੂ ਸਾਰੇ ਵਿਹੜੇ ਵਿਚ ਖਿੰਡਣ ਲਗੀ। ਮੇਰਾ ਜੀਅ ਕਰੇ ਕਿ ਦਾਦੀ ਨੂੰ ਆਖਾਂ, “ਦਾਦੀ ,ਮੈਨੂੰ ਕੜੀ ਦੀ ਕੌਲੀ ਭਰਦੇ,ਵਿਚ ਮਖਣੀ ਪਾ ਦੇ, ਦਾਦੀ ਮੈਂ ਖਾਵਾਂ ਰੱਜ ਰੱਜ ਕੇ ਤੇਰੇ ਹੱਥੀਂ ਰਿੱਝੀ ਕੜੀ–।”
ਸੰਧਿਆ ਮੁੱਕੀ ਹੈ। ਸਾਰਾ ਟੱਬਰ ਕੜੀ ਨਾਲ ਤੰਦੂਰ ਦੀਆਂ ਰੋਟੀਆਂ ਖਾ ਚੁੱਕਾ ਹੋਇਆ ਹੈ। ਦਾਦੀ ਭਾਂਡਾ ਟੀਂਡਾ ਸੰਭਾਲ ਰਹੀ ਹੈ। ਆਖਿਰ ਉਹਨੇ ਕੜੀ ਵਾਲਾ ਕੁੱਜਾ ਹੱਥ ਫੜਿਆ ਤੇ ਕੁੱਜੇ ਦੀਆਂ ਖੁੱਚਾਂ ਖੁਰਚਣ ਲੱਗੀ ਲੱਕੜ ਦੀ ਕੜਛੀ ਨਾਲ। ਕੜੀ ਦੀ ਇਹ ਆਖਰੀ ਬਚੀ ਖੁਚੀ ਖੁਸ਼ਬੋਈ ਦਾ ਅਨੰਦ ਆਪਣਾ ਹੀ ਸੀ–ਵਾਹ ਭਈ ਵਾਹ—ਕਿਆ ਖੁਸ਼ਬੋਈ—। ਦਾਦੀ ਨੇ ਛੰਨਾ ਕੜੀ ਦਾ ਭਰ ਲਿਆ ਤੇ ਢਕ ਕੇ ਮਿੱਟੀ ਦੇ ਕਟੋਰੇ ਵਿਚ ਪਾਣੀ ਉਤੇ ਧਰ ਲਿਆ, ਤਾਂ ਕਿ ਸਵੇਰ ਤੀਕ ਕੜੀ ਬਚੀ ਰਹੇ। (ਫਰਿਜ ਦਾ ਉਦੋਂ ਕਿਸੇ ਨੇ ਨਾਂ ਤੀਕ ਨਹੀਂ ਸੀ ਸੁਣਿਆ)।
ਦਾਦੀ ਵਲੋਂ ਕੁੱਜੇ ਦੀਆਂ ਖੁੱਚਾਂ ਖੁਰਚ ਕੇ ਕੜੀ ਲਾਹੁੰਣਾ ਮੇਰੇ ਸੌਣ ਵੇਲੇ ਤੀਕ ਤਕ ਤਾਜਾ ਸੀ। ਸਾਰੇ ਟੱਬਰ ਨੂੰ ਅਗਲੀ ਸਵੇਰ ਦੀ ਉਡੀਕ ਸੀ।
(8 ਵਜੇ,ਰਾਤ)