-ਜ਼ੋਰਬੀ

ਪੰਜਾਬੀ ਟ੍ਰਿਬਿਊਨ ਦੀ ਰੱਦੀ

ਇਹ ਪੰਜਵੀਂ ਛੇਵੀਂ ਵਿਚ ਪੜ੍ਹਦਿਆਂ ਦੀ ਯਾਦ ਹੈ ਕਿ ਮੈਂ ਅਕਸਰ ਹੀ ਕੁਝ ਦਿਨਾਂ ਬਾਅਦ ਤਾਇਆ ਜੀ ਦੇ ਘਰ ਚਲੀ ਜਾਂਦੀ ਸੀ। ਕਿਉਂਕਿ ਮੈਨੂੰ ਉਥੋਂ ‘ਪੰਜਾਬੀ ਟ੍ਰਿਬਿਊਨ’ਅਖਬਾਰਾਂ ਢੇਰ ਸਾਰੀ ਰੱਦੀ ਮਿਲ ਜਾਂਦੀ ਸੀ। ਮੈਂ ਉਸ ਰੱਦੀ ਵਿਚੋਂ ਕਹਾਣੀਆਂ ਵਾਲੇ ਤੇ ਖਾਸ ਕਰਕੇ ਐਤਵਾਰ ਦੇ ਅਖਬਾਰ ਚੁਣ ਲੈਂਦੀ ਸੀ ਤੇ ਪਰਮਜੀਤ ਭੈਣ (ਮੇਰੇ ਤਾਇਆ ਜੀ ਦੀ ਵੱਡੀ ਬੇਟੀ ਜੋ ਇਸ ਸਮੇਂ ਦੁਨੀਆਂ ਵਿਚ ਨਹੀਂ ਹਨ) ਤੋਂ ਵਾਪਿਸ ਕਰਨ ਦੇ ਵਾਅਦੇ ਨਾਲ ਪੜ੍ਹਨ ਲਈ ਲੈ ਆਉਂਦੀ ਸੀ। ਉਸ ਵਿਚ ਮੈਨੂੰ ਬਹੁਤ ਵਧੀਆ ਲੇਖ ਪੜ੍ਹਨ ਲਈ ਮਿਲ ਜਾਂਦੇ ਸਨ। ਕੁਝ ਦਿਨਾਂ ਬਾਅਦ ਉਹ ਅਖਬਾਰ ਵਾਪਿਸ ਕਰਕੇ ਮੈਂ ਹੋਰ ਲੈ ਆਉਂਦੀ। ਮੈਂ ਉਹਨਾਂ ਵਿਚੋਂ ਕੀ-ਕੀ ਪੜ੍ਹਿਆ ਮੇਰੇ ਕੁਝ ਯਾਦ ਨਹੀਂ ਪਰ ਏਨਾ ਯਾਦ ਹੈ ਕਿ ਉਹ ਮੇਰੀ ਉਸ ਸਮੇਂ ਦੀ ਮਨਭਾਉਂਦੀ ਰੁਚੀ ਸੀ।’ਰਮਨ’ ਤੇ ‘ਗੁਗਲੀ’ਕਾਰਟੂਨ ਤਾਂਬਸ ਜਿੱਥੇ ਖੜ੍ਹਿਆਂ ਮਿਲ ਜਾਂਦੇ ਪਲੋ ਪਲੀ ਪੜ੍ਹ ਲਈ ਦੇ ਸੀ।ਇਹ ਯਾਦ ਨਹੀਂ ਇਹ ਕਿਹੜੇ ਕਿਹੜੇ ਅਖਬਾਰਾਂ ਵਿਚ ਆਉਂਦੇ ਸਨ।

ਪ੍ਰੀਤਲੜੀ

ਤਾਇਆ ਜੀ ਘਰੋਂ ਰੱਦੀ ਫਰੋਲਦਿਆਂ ਮੈਨੂੰ ਕੁਝ ਅੰਕ ਪ੍ਰੀਤਲੜੀ ਮੈਗਜ਼ੀਨ ਦੇ ਵੀ ਮਿਲ ਗਏ। ਮੈਨੂੰ ਹੋਰ ਚਾਅ ਚੜ੍ਹ ਗਿਆ।ਮੈਂ ਉਹ ਵੀ ਭੈਣ ਤੋਂ ਪੁੱਛ ਕੇ ਪੜ੍ਹਨ ਲਈ ਲੈ ਆਈ। ਮੈਨੂੰ ਇਸ ਗੱਲ ਦਾ ਡਰ ਬਣਿਆ ਹੀ ਰਹਿੰਦਾ ਸੀ ਕਿ ਭੈਣ ਮੈਨੂੰ ਕਿਤੇ ਇਹ ਸਭ ਕੁਝ ਦੇਣ ਤੋਂ ਮਨਾ ਨਾ ਕਰ ਦੇਵੇ। ਇਹ ਪੜ੍ਹਨ ਸਮੱਗਰੀ ਦੀ ਪ੍ਰਾਪਤੀ ਮੇਰੇ ਲਈ ਬਹੁਤ ਵੱਡੀ ਉਪਲੱਬਧੀ ਹੁੰਦੀ ਸੀ। ਇਹ ਮੈਗਜ਼ੀਨ ਪੁਰਾਣੇ ਹੋ ਕੇ ਪੀਲੇ ਪਏ ਹੋਏ ਸਨ ਪਰ ਮੈਂ ਉਹਨਾਂ ਨੂੰ ਲਿਆ ਕਿ ਇਵੇਂ ਮਹਿਸੂਸ ਹੋਇਆ ਜਿਵੇਂ ਇੱਕ ਗਰੀਬ ਨੇ ਕਈ ਦਿਨਾਂ ਦਾ ਰਾਸ਼ਨ ਪਾਣੀ ਇਕੱਠਾ ਲਿਆ ਸੁਰਖੁਰੂ ਮਹਿਸੂਸ ਕੀਤਾ ਹੋਵੇ।

ਸੁਖਵਿੰਦਰ ਦੀ ਰਮਾਇਣ

ਮੇਰੀ ਇਕ ਬਹੁਤ ਪੱਕੀ ਸਹੇਲੀ ਸੁਖਵਿੰਦਰ। ਇੱਕ ਦਿਨ ਸਾਡੇ ਹਿਸਾਬ ਦੇ ਮਾਸਟਰ ਹਮੀਰ ਸਿੰਘ ਨੇ ਸਾਨੂੰ ਕੋਣ ਬਣਾਉਣ ਦਾ ਹੋਮ ਵਰਕ ਦਿੱਤਾ ਸੀ। ਗੱਲ ਕੀ ਹੋਈ ਮੇਰੇ ਤੇ ਸੁਖਵਿੰਦਰ ਦੇ ਹੋਮ ਵਰਕ ਵਿਚ ਇਕੋ ਗਲਤੀ ਨਿਕਲੀ। ਉਹ ਕੀ ਉਸ ਨੇ ਵੀ 105 ਦੇ ਕੋਣ ਨੂੰ 150 ਦਾ ਲਿਖ ਦਿੱਤਾ ਤੇ ਮੈਂ ਵੀ।ਮਾਸਟਰ ਜੀ ਨੂੰ ਸ਼ੱਕ ਹੋ ਗਿਆ ਕਿ ਅਸੀਂ ਇੱਕ ਦੂਜੇ ਦੀ ਨਕਲ ਕੀਤੀ ਹੋਣੀਆ ਪਰ ਅਜਿਹਾ ਬਿਲਕੁੱਲ ਨਹੀਂ ਸੀ। ਮਾਸਟਰ ਜੀ ਨੇ ਪੁੱਛਿਆ,”ਤੁਹਾਡੇ ਘਰ ਕੋਲ ਕੋਲ ਨੇ ਲੱਗਦਾ।”

“ਨਹੀਂ ਜੀ।”
“ਇਕੋ ਪਿੰਡ ਦੀਆਂ ਹੋ
“ਨਹੀਂ ਜੀ।”
“ਫੇਰ ਸਕੂਲ ਆ ਕੇ ਨਕਲ ਕੀਤੀ ਹੋਣੀ
“ਨਹੀਂ ਜੀ, ਅਸੀਂ ਤਾਂ ਕਦੇ ਇੱਕਠੀ ਆਂਵੀ ਨਹੀਂ ਬੈਠੀਆਂ।”

ਚਲੋ, ਜਿਵੇਂ ਕਿਵੇਂ ਮਾਸਟਰ ਜੀ ਨਾਲ ਤਾਂ ਨਿਪਟ ਲਿਆ ਪਰ ਉਸ ਤੋਂ ਬਾਅਦ ਅਸੀਂ ਸਹੇਲੀਆਂ ਬਣ ਗਈਆਂ ਤੇ ਇੱਕਠੀਆਂ ਬੈਠਣ ਲੱਗ ਪਈਆਂ। ਸੋ ਗੱਲ ਚੱਲੀ ਸੀ ਸੁਖਵਿੰਦਰ ਦੀ ਰਮਾਇਣ ਤੋਂ। ਅਸਲ ਵਿਚ ਰਮਾਇਣ ਤਾਂ ਰਾਮ ਸੀਤਾ ਦੀ ਕਹਾਣੀ ਹੀ ਸੀ ਪਰ ਮੈਨੂੰ ਪੜ੍ਹਨ ਲਈ ਸੁਖਵਿੰਦਰ ਤੋਂ ਪ੍ਰਾਪਤ ਹੋਈ ਸੀ। ਉਸਨੇ ਕਿਹਾ ਇਹ ਕਿਤਾਬ ਮੇਰੇ ਮਾਮਾ ਜੀ ਦੀ ਹੈ ਮੈਂ ਜਿਆਦਾ ਦਿਨਾਂ ਲਈ ਨਹੀਂ ਦੇ ਸਕਦੀ। ਗਰਮੀਆਂ ਦੇ ਦਿਨ ਸਨ ਸਾਰੇ ਪੱਖਾਂ ਲਗਾ ਕੇ ਵਿਹੜੇ ਵਿਚ ਸੌਂਦੇ ਸਨ। ਸਾਰਿਆਂ ਦੇ ਸੌਂ ਜਾਣ ਬਾਅਦ ਮੈਂ ਉੱਠ ਕੇ ਵਰਾਂਡੇ ਵਿਚਲੀ ਲਾਈਟ ਛੱਡ ਕੇ ਰਾਤ ਨੂੰ ਪੜ੍ਹ ਪੜ੍ਹ ਕੇ ਉਹ ਕਿਤਾਬ ਪੂਰੀ ਕੀਤੀ। ਇੱਕ ਗੱਲ ਦੱਸਾਂ ਯਾਦ ਮੇਰੇ ਉਹ ਵੀ ਨਹੀਂ ਕਿ ਕੀ ਪੜ੍ਹਿਆ ਸੀ ਪਰ ਏਨਾ ਯਾਦ ਆ ਕਿ ਉਹ ਭਗਵਾਨ ਵਾਲਮੀਕੀ ਰਮਾਇਣ ਸੀ।

ਗੁਰਬਾਣੀ ਸਟੀਕ

ਡੈਡੀ ਜੀ ਕਿ ਤੇ ਧਾਰਮਿਕ ਸਥਾਨ ਤੇ ਗਏ ਸੀ ਉਥੋਂ ਉਹਨਾਂ ਨੇ ਸ੍ਰੀ ਜਪੁਜੀ ਸਾਹਿਬਦਾ ਸਟੀਕ ਲਿਆਂਦਾ ਸੀ ਜਿਸ ਵਿਚ ਅਰਥਾਂ ਸਮੇਤ ਕਈ ਕਥਾਵਾਂ ਵੀ ਦਿੱਤੀਆਂ ਸਨ। ਮੈਂ ਉਹ ਸਟੀਕ ਇੱਕ ਨਹੀਂ ਕਈ ਵਾਰ ਪੜ੍ਹਿਆ ਸੀ। ਡੈਡੀ ਗੁਰਦੁਆਰੇ ਵਿਚੋਂ ਬਾਬਾ ਫਰੀਦ ਜੀ ਦੇ ਸਲੋਕ ਲੈ ਆਏ ਸਨ। ਉਹ ਮੈਂ ਜਦੋਂ ਵੀ ਪੜ੍ਹਦੀ ਸੀ ਤਾਂ ਅਰਥ ਡੈਡੀ ਜੀ ਤੋਂ ਪੁੱਛਦੀ ਸੀ। ਕਈ ਸਲੋਕ ਵਾਰ ਵਾਰ ਦੁਹਰਾਉਣ ਨੂੰ, ਮਨ ‘ਚ ਵਸਾਉਣ ਨੂੰ ਜੀ ਕਰਦਾ ਸੀ। ਉਹ ਮੈਂ ਦੁਬਾਰਾ ਦੁਬਾਰਾ ਡੈਡੀ ਜੀ ਤੋਂ ਸੁਣਦੀ ਹੁੰਦੀ ਸੀ।

ਲਾਡੀ ਸਰ ਦੀਆਂ ਕਿਤਾਬਾਂ

ਦਸਵੀਂ ਵਿਚ ਮੈਂ ਸਰਕਾਰੀ ਸਕੂਲ ਵਿਚੋਂ ਹਟ ਕੇ ਪਿੰਡ ਵਾਲੇ ਨਵੇਂ ਖੁੱਲ੍ਹੇ ਪ੍ਰਾਈਵੇਟ ਸਕੂਲ ਵਿਚ ਪੜ੍ਹਨ ਲੱਗ ਗਈ ਸੀ ਪਰ ਸਾਡੇ ਲਈ ਉਹ ਲਾਡੀ ਸਰ ਦਾ ਸਕੂਲ ਹੀ ਸੀ। ਉਹਨਾਂ ਨੇ ਇਕ ਦਿਨ ਅਲਮਾਰੀ ਵਿਚੋਂ ਕੋਈ ਰਜਿਸਟਰ ਬਗੈਰਾ ਕੱਢਣ ਲਈ ਕਿਹਾ। ਮੈਂ ਅਲਮਾਰੀ ਖੋਲ੍ਹੀ ਤਾਂ ਮੈਨੂੰ ਕੁਝ ਕਿਤਾਬਾਂ ਦਿਸ ਗਈਆਂ। ਮੈਨੂੰ ਫਿਰ ਚਾਅ ਚੜ੍ਹ ਗਿਆ। ਮੈਂ ਉਹਨਾਂ ਨੂੰ ਪੁੱਛ ਕੇ ਉਹ ਕਿਤਾਬਾਂ ਵੀ ਪੜ੍ਹਨ ਲਈ ਲੈ ਗਈ। ਕਿਤਾਬਾਂ ਦੇ ਨਾਮ ਯਾਦ ਨਹੀਂ ਇਕ ਨਾਵਲ ਦੀ ਕਹਾਣੀ ਥੋੜ੍ਹੀ ਥੋੜ੍ਹੀ ਯਾਦ ਆ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਆਪਣੇ ਕੋਲੋਂ ਇੱਕ ਦੋ ਹੋਰ ਕਿਤਾਬਾਂ ਵੀ ਪੜ੍ਹਨ ਲਈ ਲਿਆ ਕੇ ਦਿੱਤੀਆਂ ਜਿਨ੍ਹਾਂ ਵਿਚੋਂ ਇਕ ਅੰਮ੍ਰਿਤਾ ਪ੍ਰੀਤਮ ਬਾਰੇ ਸੀ ਤੇ ਦੂਜੀ ਸੀ ਸ਼ਿਵ ਕੁਮਾਰ ਦੀ ‘ਲੂਣਾ’।

ਬਾਲ ਮਨ ਤੋਂ ਕਿਸ਼ੋਰ ਉਮਰ ਤੱਕ ਦੇ ਪੜ੍ਹੇ ਵਰਕਿਆਂ ਵਿਚੋਂ ਮੇਰੇ ਜਿਹਨ ਵਿਚ ਉਤਰਨ ਵਾਲੀ ਇਹ ਪਹਿਲੀ ਕਿਤਾਬ ਹੋ ਨਿਬੜੀ। ਇਹ ਕਿਤਾਬ ਪੜ੍ਹ ਕੇ ਲੂਣਾ ਬਾਰੇ ਸੁਣੀਆਂ ਸੁਣਾਈਆਂ ਸਭ ਕਥਾ ਕਹਾਣੀਆਂ ਢੇਰੀ ਹੋ ਗਈਆਂ। ਮੈਨੂੰ ਲੂਣਾ ਨਾਲ ਅੰਤਾਂ ਦੀ ਹਮਦਰਦੀ ਹੋਣ ਲੱਗੀ। ਮੈਨੂੰ ਲੱਗਿਆ ਹਰ ਕੁੜੀ ਵਿਚ ਲੂਣਾ ਜਾਗਦੀ ਤੇ ਫਿਰ ਜਿਉਂਦੇ ਜੀ ਮਰਦੀ ਹੈ। ਮੈਨੂੰ ਮਹਿਸੂਸ ਹੋਇਆ ਇਕ ਕੁੜੀ ਦੀ ਅਧੂਰੀ ਇੱਛਾ ਤੇ ਲੂਣਾ ਦੋਨੋਂ ਸਮਾਨ ਅਰਥੀ ਸ਼ਬਦ ਹਨ। ਉਹ ਇੱਛਾ ਪੜ੍ਹਨ ਲਿਖਣ ਦੀ ਹੋ ਸਕਦੀ ਹੈ, ਪੜ੍ਹ ਕੇ ਨੌਕਰੀ ਕਰਨ ਦੀ ਹੋ ਸਕਦੀ ਹੈ, ਕੁਝ ਵੱਖਰਾ ਕਰਕੇ ਆਤਮ ਨਿਰਭਰ ਹੋਣ ਦੀ ਹੋ ਸਕਦੀ ਹੈ ਜਾਂ ਫਿਰ ਵਿਆਹ ਕਰਾਉਣ ਜਾਂ ਨਾ ਕਰਵਾਉਣ ਦੀ ਹੋ ਸਕਦੀ ਹੈ। ਜਿਸ ਕੁੜੀ ਦੇ ਚਾਅ ਅਧੂਰੇ ਰਹਿ ਜਾਂਦੇ ਹਨ ਜਾਂ ਜਿਸ ਕੁੜੀ ਮਨ ਦੀ ਹਨੇਰੀ ਸਬ੍ਹਾਤ ਵਿਚ ਉਸ ਦੀਆਂ ਚਾਹਤਾਂ ਦਫਨ ਨੇ ਉਹ ਲੂਣਾ ਹੈ।

ਅੱਗੇ ਚੱਲ ਕੇ ਕਿਤਾਬਾਂ ਮੇਰੀਆਂ ਉਸ ਸਮੇਂ ਦੀਆਂ ਹਮਸਫਰ ਹੋ ਨਿਬੜੀਆਂ ਜੋ ਸਮਾਂ ਮੇਰੇ ਲਈ ਜੀਵਨ ਦੀ ਇਕ ਵੱਡੀ ਤ੍ਰਾਸਦੀ ਦਾ ਸਮਾਂ ਸੀ। ਕਿਤਾਬਾਂ ਦੀਆਂ ਸਤਰਾਂ ਨੇ ਅਨੇਕਾਂ ਵਾਰ ਮਾਂ ਬਣ ਕੇ ਮੈਨੂੰ ਕਿਹਾ,”ਉੱਠ ਪੁੱਤ, ਏਦਾਂ ਡਿੱਗਿਆਂ ਨਹੀਂ ਸਰਨਾ। ਉੱਠ ਕੇ ਮੂੰਹ ਧੋ, ਪਾਣੀ ਪੀ, ਕੁਝ ਖਾ ਤੇ ਆਪਣਾ ਕਰਮ ਕਰ ਦੀ ਰਹਿ। ਇਹ ਦੁਸ਼ਵਾਰੀਆਂ ਤੇਰੀ ਪਰਖ ਕਰਨ ਆਉਂਦੀਆਂ ਨੇ ਪੁੱਤ।” ਤੇ ਹਰ ਵਾਰ ਮੈਂ ਉੱਠ ਦੀ ਰਹੀ, ਫਰਜ਼ ਪੂਰਦੀ ਰਹੀ।

ਕਿਤਾਬਾਂ ਦੇ ਪੰਨਿਆਂ ਨੇ ਮੇਰੇ ਨਾਲ ਜੀ ਭਰ ਭਰ ਗੱਲਾਂ ਕੀਤੀਆ, ੳਦੋਂ……ਜਦੋਂ ਮੇਰੇ ਨਾਲ ਕੋਈ ਵੀ ਗੱਲਾਂ ਕਰਨ ਲਈ ਨਹੀਂ ਹੁੰਦਾ ਸੀ ਤੇ ਮੇਰਾ ਬਿਲਕੁਲ ਜੀ ਨਹੀਂ ਲੱਗਦਾ ਹੁੰਦਾ ਸੀ। ਕਿਤਾਬਾਂ ਜਰੀਏ ਮੈਂ ਕਿੰਨੇ ਹੀ ਮਹਾਨ ਲੇਖਕਾਂ ਦੇ ਰੂਬਰੂ ਹੋਈ। ਉਹਨਾਂ ਦੀ ਸੋਚ ਨੇ ਮੈਨੂੰ ਖੁਦ ਨੂੰ ਤਰਾਸ਼ਣ ਦੀ ਜਾਂਚ ਸਿਖਾਈ। ਮੈਂ ਉਹਨਾਂ ਸਭ ਲੇਖਕਾਂ ਦੀ ਸ਼ੁਕਰ ਗੁਜ਼ਾਰ ਹਾਂ। ਅੱਗੇ ਚੱਲ ਕੇ ਮੈਂ ਤੁਹਾਨੂੰ ਆਪਣੀ ਨਿੱਜੀ ਲਾਇਬ੍ਰੇਰੀ ਨਾਲ ਜਾਣ ਪਹਿਚਾਣ ਕਰਵਾਉਂਦੀ ਰਹਾਂਗੀ।

(ਲੇਖਿਕਾ ਨਾਲ blogbyzorbi@gmail.com ਆਈ ਡੀ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)