ਮਲੋਟ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਬੁੱਧਵਾਰ ਦੁਪਹਿਰ ਨੂੰ ਮਲੋਟ ਦੇ ਦਾਨੇਵਾਲਾ ਚੌਕ ‘ਤੇ ਮਿੱਟੀ ਨਾਲ ਭਰੀ ਤੇਜ਼ ਰਫਤਾਰ ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਬਾਈਕ ‘ਤੇ ਪਿਤਾ, ਉਸ ਦਾ ਪੁੱਤਰ ਅਤੇ ਭਤੀਜਾ ਸਵਾਰ ਸਨ। ਜੋ ਬੱਚਿਆਂ ਨੂੰ ਸਕੂਲ ਤੋਂ ਬਾਅਦ ਘਰ ਲੈ ਕੇ ਜਾ ਰਿਹਾ ਸੀ। ਹਾਦਸੇ ਵਿਚ 12 ਸਾਲ ਦੇ ਪੁੱਤਰ ਅਰਸ਼ ਦੀ ਮੌਤ ਹੋ ਗਈ। ਜਦੋਂਕਿ ਹੁਣ ਉਸ ਦੇ ਪਿਤਾ ਰਾਜੇਸ਼ ਕੁਮਾਰ ਦੀ ਵੀ ਬਠਿੰਡਾ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਜਦਕਿ ਭਤੀਜਾ ਮਲੋਟ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਦੂਜੇ ਪਾਸੇ ਥਾਣਾ ਸਿਟੀ ਦੀ ਪੁਲਿਸ ਨੇ ਘਟਨਾ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋਏ ਟਰੈਕਟਰ-ਟਰਾਲੀ ਚਾਲਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਰਾਜੇਸ਼ ਕੁਮਾਰ ਆਪਣੇ ਬੇਟੇ ਅਰਸ਼ ਅਤੇ ਭਤੀਜੇ ਨਿਤਿਨ ਨੂੰ ਘਰ ਛੱਡਣ ਲਈ ਬਾਈਕ ‘ਤੇ ਜਾ ਰਿਹਾ ਸੀ। ਜਦੋਂ ਉਹ ਦਾਨੇਵਾਲਾ ਚੌਕ ਮਲੋਟ ਨੇੜੇ ਪਹੁੰਚਿਆ ਤਾਂ ਇੱਥੇ ਮਿੱਟੀ ਨਾਲ ਭਰੀ ਇਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਤਿੰਨੋਂ ਮੋਟਰਸਾਈਕਲ ਸਵਾਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਟਰੈਕਟਰ-ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿਥੇ ਇਲਾਜ ਦੌਰਾਨ ਇੱਕ ਬੱਚੇ ਅਰਸ਼ ਦੀ ਮੌਤ ਹੋ ਗਈ। ਜਦਕਿ ਰਾਜੇਸ਼ ਕੁਮਾਰ ਵਾਸੀ ਸਤਨਾਮ ਨਗਰ ਦਾਨੇਵਾਲਾ ਦੀ ਹੁਣ ਬਠਿੰਡਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਟਰੈਕਟਰ-ਟਰਾਲੀ ਨੂੰ ਕਬਜ਼ੇ ‘ਚ ਲੈ ਲਿਆ ਹੈ ਪਰ ਦੋਸ਼ੀ ਦੀ ਪਛਾਣ ਨਹੀਂ ਹੋ ਸਕੀ। ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜੇਸ਼ ਕੁਮਾਰ ਦੇ ਭਰਾ ਸ਼ਾਮ ਲਾਲ ਦੇ ਬਿਆਨਾਂ ’ਤੇ ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਤੱਕ ਪਹੁੰਚ ਕੀਤੀ ਜਾ ਰਹੀ ਹੈ, ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।