ਲੁਧਿਆਣਾ | ਇਥੋਂ ਇਕ ਮਾਸਟਰ ਵਲੋਂ ਸਟੂਡੈਂਟ ‘ਤੇ ਕਹਿਰ ਢਾਹਿਆ ਗਿਆ। 8ਵੀਂ ਜਮਾਤ ਦੇ ਵਿਦਿਆਰਥੀ ਦੇ ਸਿਰ ਵਿਚ ਸਟੀਲ ਦਾ ਗਲਾਸ ਮਾਰ ਕੇ ਉਸ ਨੂੰ ਫੱਟੜ ਕਰ ਦੇਣ ਦੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਅਧਿਆਪਕ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਗੁਰੂ ਅਰਜਨ ਦੇਵ ਕਾਲੋਨੀ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਵਜੋਂ ਹੋਈ ਹੈ।

ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ 15 ਸਾਲ ਦਾ ਬੇਟਾ 8ਵੀਂ ਜਮਾਤ ਵਿਚ ਪੜ੍ਹਦਾ ਹੈ। ਹਰ ਰੋਜ਼ ਵਾਂਗ ਸ਼ਾਮ ਸਵਾ ਛੇ ਵਜੇ ਦੇ ਕਰੀਬ ਉਹ ਘਰ ਦੇ ਕੋਲ ਹੀ ਸਿਮਰਨਜੀਤ ਸਿੰਘ ਕੋਲ ਟਿਊਸ਼ਨ ਪੜ੍ਹਨ ਲਈ ਗਿਆ। ਵਿਦਿਆਰਥੀ ਦੇ ਮੱਥੇ ਚੋਂ ਖੂਨ ਨਿਕਲਣ ਲੱਗ ਪਿਆ ਅਤੇ ਅਧਿਆਪਕ ਨੇ ਉਸ ਨੂੰ ਧਮਕਾਉਂਦਿਆਂ ਇਹ ਆਖਿਆ ਕਿ ਉਹ ਇਸ ਸਬੰਧੀ ਕਿਸੇ ਨੂੰ ਕੁਝ ਨਾ ਦੱਸੇ। ਉਧਰ ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਦਾ ਕਹਿਣਾ ਹੈ ਕਿ ਰਮਨ ਕੁਮਾਰ ਦੀ ਸ਼ਿਕਾਇਤ ਤੇ ਸਿਮਰਨਜੀਤ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਟਿਊਸ਼ਨ ਪੜ੍ਹ ਕੇ ਜਦੋਂ ਉਹ ਵਾਪਸ ਆਇਆ ਤਾਂ ਰਮਨ ਕੁਮਾਰ ਨੇ ਦੇਖਿਆ ਕਿ ਉਸਦੇ ਸਿਰ ਤੇ ਸੱਟ ਲੱਗੀ ਹੋਈ ਸੀ। ਖੂਨ ਨਿਕਲਦਾ ਦੇਖ ਪਿਤਾ ਨੇ ਲੜਕੇ ਕੋਲੋਂ ਪੁੱਛਿਆ ਤਾਂ ਬੁਰੀ ਤਰ੍ਹਾਂ ਘਬਰਾਈ ਬੱਚੇ ਨੇ ਉਨ੍ਹਾਂ ਨੂੰ ਕੁਝ ਨਾ ਦੱਸਿਆ। ਵਾਰ-ਵਾਰ ਪੁੱਛਣ ਤੇ ਲੜਕੇ ਨੇ ਜੋ ਕੁਝ ਦੱਸਿਆ ਉਹ ਸੁਣ ਕੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹੋ ਗਏ। ਵਿਦਿਆਰਥੀ ਨੇ ਪਿਤਾ ਨੂੰ ਦੱਸਿਆ ਕਿ ਟਿਊਸ਼ਨ ਤੇ ਉਹ ਆਪਣੇ ਦੋਸਤ ਨਾਲ ਪੜ੍ਹਾਈ ਸਬੰਧੀ ਗੱਲ ਕਰ ਰਿਹਾ ਸੀ ਇਸੇ ਦੌਰਾਨ ਮਾਸਟਰ ਸਿਮਰਨਜੀਤ ਨੇ ਹੱਥ ਵਿੱਚ ਫੜਿਆ ਸਟੀਲ ਦਾ ਚਾਹ ਵਾਲਾ ਗਲਾਸ ਉਸ ਦੇ ਮੱਥੇ ਵਿਚ ਮਾਰਿਆ।