ਖੰਨਾ| ਖੰਨਾ ‘ਚ ਇਕ ਕਾਂਗਰਸੀ ਆਗੂ ‘ਤੇ ਕਬੂਤਰਬਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਯੂਥ ਆਗੂ ਨੇ ਰਾਜਸਥਾਨ ਦੇ ਗੰਗਾਨਗਰ ਦੇ ਰਹਿਣ ਵਾਲੇ ਜੋੜੇ ਨੂੰ ਇੰਗਲੈਂਡ ਭੇਜਣ ਦੇ ਸਬਜ਼ਬਾਗ ਦਿਖਾ ਕੇ 8.5 ਲੱਖ ਮੰਗੇ ਸਨ ਤੇ ਇਕ ਲੱਖ ਰੁਪਏ ਅਡਵਾਂਸ ਵੀ ਲੈ ਲਏ ਸਨ।

ਪੀੜਤ ਕਮਲ ਕੁਮਾਰ ਵਾਸੀ ਇੰਦਰਾ ਕਾਲੋਨੀ ਸ੍ਰੀ ਗੰਗਾਨਗਰ (ਰਾਜਸਥਾਨ) ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਥਾਣਾ ਸਿਟੀ 1 ਨੇ ਮੁਲਜ਼ਮ ਅਵਨੀਤ ਰਾਏ ਵਾਸੀ ਬਿਲਾਨ ਵਾਲੀ ਚੱਪੜੀ ਖੰਨਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 420 ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਅਵਨੀਤ ਰਾਏ ਜ਼ਿਲ੍ਹਾ ਕਾਂਗਰਸ ਕਮੇਟੀ ਸੋਸ਼ਲ ਮੀਡੀਆ ਦਾ ਸਾਬਕਾ ਮੀਤ ਪ੍ਰਧਾਨ ਹੈ। ਕਾਂਗਰਸ ਤੋਂ ਪਹਿਲਾਂ ਉਹ ਅਕਾਲੀ ਦਲ ਵਿੱਚ ਵੀ ਸਰਗਰਮ ਰਹੇ ਹਨ।

ਅਕਤੂਬਰ 2022 ਵਿੱਚ ਘਰ ਵਿਚ ਹੋਈ ਮੁਲਾਕਾਤ
ਸ਼ਿਕਾਇਤਕਰਤਾ ਅਨੁਸਾਰ ਉਸ ਦਾ ਰਿਸ਼ਤੇਦਾਰ ਹਰਗੋਪਾਲ ਖੰਨਾ ‘ਚ ਰਹਿੰਦਾ ਹੈ। ਅਕਤੂਬਰ 2022 ਵਿੱਚ ਉਹ ਆਪਣੇ ਰਿਸ਼ਤੇਦਾਰ ਨੂੰ ਮਿਲਣ ਆਇਆ ਸੀ। ਉਸ ਨੇ ਆਪਣੇ ਰਿਸ਼ਤੇਦਾਰ ਨਾਲ ਗੱਲ ਕੀਤੀ ਕਿ ਉਹ ਇੰਗਲੈਂਡ ਜਾਣਾ ਚਾਹੁੰਦਾ ਹੈ। ਇਸ ਦੌਰਾਨ ਉਸ ਦਾ ਰਿਸ਼ਤੇਦਾਰ ਉਸ ਨੂੰ ਦੱਸਣ ਲੱਗਾ ਕਿ ਉਸ ਦਾ ਇਕ ਦੋਸਤ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਉਸ ਨਾਲ ਗੱਲ ਕਰਦੇ ਹਾਂ।

ਵੱਖ-ਵੱਖ ਮਿਤੀਆਂ ‘ਤੇ ਰਕਮ ਕੀਤੀ ਟ੍ਰਾਂਸਫਰ

ਇਸ ਤੋਂ ਬਾਅਦ ਹਰਗੋਪਾਲ ਉਸ ਨੂੰ ਅਵਨੀਤ ਰਾਏ ਦੇ ਘਰ ਲੈ ਗਿਆ। ਉੱਥੇ ਅਵਨੀਤ ਰਾਏ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਚੈਰਿਟੀ ਵਰਕ ਵੀਜ਼ੇ ‘ਤੇ ਇੰਗਲੈਂਡ ਭੇਜ ਦੇਵੇਗਾ। ਇਸ ਦੇ ਲਈ 8.5 ਲੱਖ ਰੁਪਏ ਖਰਚ ਹੋਣਗੇ। 1 ਲੱਖ ਰੁਪਏ ਪੇਸ਼ਗੀ ਮੰਗੇ। ਜਿਸ ਨੂੰ ਉਸ ਨੇ ਵੱਖ-ਵੱਖ ਤਰੀਕਾਂ ਨੂੰ ਮੁਲਜ਼ਮਾਂ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤਾ।

ਸਿਟੀ ਥਾਣੇ ਦੇ ਐਸਐਚਓ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।