ਕਰਨਾਲ | ਹਰਿਆਣਾ ਸਰਕਾਰ ਨੇ ਕਰਨਾਲ ‘ਚ ਮੋਬਾਇਲ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾਵਾਂ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਦਰਅਸਲ, ਹਰਿਆਣਾ ਦੇ ਕਰਨਾਲ ਜ਼ਿਲ੍ਹਾ ਸਕੱਤਰੇਤ ਦੇ ਬਾਹਰ ਕਿਸਾਨ ਪੱਕਾ ਧਰਨਾ ਲੈ ਕੇ ਬੈਠੇ ਹੋਏ ਹਨ। ਸਰਕਾਰ ਅਤੇ ਕਿਸਾਨਾਂ ਵਿਚਾਲੇ ਦੂਜੇ ਦਿਨ ਹੋਈ ਗੱਲਬਾਤ ਵੀ ਬੇਸਿੱਟਾ ਰਹੀ ਹੈ।

ਗੁਰਨਾਮ ਸਿੰਘ ਚਢੂਨੀ ਨੇ ਕੀ ਕਿਹਾ

ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਇਹ ਆਸਾਨੀ ਨਾਲ ਮੰਨਣ ਵਾਲੇ ਨਹੀਂ ਪਰ ਅਸੀਂ ਵੀ ਉੱਠਣ ਵਾਲੇ ਨਹੀਂ ਹਾਂ। ਚਢੂਨੀ ਨੇ ਕਿਹਾ ਕਿ ਹੁਣ ਇਹ ਕਦੋਂ ਮੰਨਣਗੇ, ਕਦੋਂ ਨਹੀਂ ਪਰ ਸਾਡੀ ਲੜਾਈ ਵੀ ਜਾਰੀ ਰਹੇਗੀ।

ਉਨ੍ਹਾਂ ਕਿਹਾ ਕਿ ਦਿੱਲੀ ਧਰਨੇ ਨੂੰ ਕਮਜ਼ੋਰ ਕਰਨ ਲਈ ਭਾਜਪਾ ਅਜਿਹੀਆਂ ਨੀਤੀਆਂ ਅਪਣਾ ਰਹੀ ਹੈ ਪਰ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਣਾ ਪੈਂਦਾ ਹੈ।

ਅਸੀਂ ਨਿਰਪੱਖ, ਜਾਂਚ ਲਈ ਤਿਆਰ ਪਰ…- ਗ੍ਰਹਿ ਮੰਤਰੀ

ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ, “ਕਿਸਾਨ ਕਰਨਾਲ ਵਿੱਚ ਅੰਦੋਲਨ ਕਰ ਰਹੇ ਹਨ, ਇਹ ਉਨ੍ਹਾਂ ਦਾ ਲੋਕਤੰਤਰਿਕ ਅਧਿਕਾਰ ਹੈ ਅਤੇ ਸਾਡੇ ਅਧਿਕਾਰੀ ਲਗਾਤਾਰ ਉਨ੍ਹਾਂ ਨਾਲ ਗੱਲਬਾਤ ਵੀ ਕਰ ਰਹੇ ਹਨ।” ਗੱਲਬਾਤ ਲੋਕਤੰਤਰ ਦਾ ਅਨਿੱਖੜਵਾਂ ਅੰਗ ਹੈ ਪਰ ਜੋ ਜਾਇਜ਼ ਮੰਗਾਂ ਹੋਣਗੀਆਂ, ਓਹੀ ਮੰਨੀਆਂ ਨਹੀਂ ਜਾਣਗੀਆਂ।”

“ਹੁਣ ਅਸੀਂ ਕਿਸੇ ਦੇ ਕਹਿਣ ‘ਤੇ ਕਿਸੇ ਨੂੰ ਫਾਂਸੀ ਤਾਂ ਲਾ ਨਹੀਂ ਸਕਦੇ ਕਿ ਦੇਸ਼ ਦਾ ਆਈਪੀਸੀ ਵੱਖ ਤੇ ਕਿਸਾਨਾਂ ਦਾ ਵੱਖ ਹੈ, ਅਜਿਹਾ ਤਾਂ ਨਹੀਂ ਹੋ ਸਕਦਾ।”

ਕੀ ਹੈ ਮਾਮਲਾ

ਬੀਤੇ ਮੰਗਲਵਾਰ ਤੋਂ ਕਿਸਾਨ ਮਿੰਨੀ ਸਕੱਤਰੇਤ ਦੇ ਸਾਹਮਣੇ ਧਰਨੇ ‘ਤੇ ਬੈਠੇ ਹੋਏ ਹਨ ਅਤੇ ਉਨ੍ਹਾਂ ਨੇ ਮੰਗਾਂ ਨਾ ਮੰਨੇ ਜਾਣ ਤੱਕ ਧਰਨੇ ਨੂੰ ਹੋਰ ਪੱਕਾ ਤੇ ਵਿਸ਼ਾਲ ਕਰਨ ਦਾ ਐਲਾਨ ਕੀਤਾ ਹੈ।

ਇਹ ਕਿਸਾਨ 28 ਅਗਸਤ ਨੂੰ ਕਰਨਾਲ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਕਰਨਾਲ ਦੀ ਦਾਣਾ ਮੰਡੀ ਵਿੱਚ ਮਹਾਪੰਚਾਇਤ ਲਈ ਇਕੱਠੇ ਹੋਏ ਸਨ।

ਜਥੇਬੰਦੀਆਂ ਦੀ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ 28 ਅਗਸਤ ਨੂੰ ਕਰਨਾਲ ਵਿੱਚ ਕਿਸਾਨਾਂ ‘ਤੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਧਿਕਾਰੀ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ।

ਕਿਸਾਨਾਂ ਨੇ ਇਹ ਵੀ ਕਿਹਾ ਕਿ ਜੇਕਰ ਮਾਮਲਾ ਦਰਜ ਨਹੀਂ ਹੁੰਦਾ ਤਾਂ ਘੱਟੋ-ਘੱਟ ਉਸ ਨੂੰ ਸਸਪੈਂਡ ਹੀ ਕਰ ਦਿੱਤਾ ਜਾਵੇ। ਹਾਲਾਂਕਿ, ਇਸ ਨੂੰ ਲੈ ਕੇ ਪ੍ਰਸ਼ਾਸਨ ਨਾਲ ਕਿਸਾਨਾਂ ਦੀ 11 ਮੈਂਬਰੀ ਕਮੇਟੀ ਦੀ 2 ਵਾਰ ਗੱਲਬਾਤ ਵੀ ਹੋਈ ਪਰ ਕੋਈ ਸਿੱਟਾ ਨਹੀਂ ਨਿਕਲ ਸਕਿਆ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)