ਜਲੰਧਰ. ਪੁਲਿਸ ਨੂੰ ਮਾਡਲ ਟਾਊਨ ਦੇ ਮਿਲਕ ਬਾਰ ਚੌਕ ਵਿਖੇ ਏਐਸਆਈ ਨੂੰ ਕਾਰ ਦੇ ਬੋਨਟ ਤੇ ਟੰਗਣ ਦੇ ਮਾਮਲੇ ਵਿੱਚ ਵੱਡਾ ਝਟਕਾ ਲੱਗਾ ਹੈ। ਵਧੀਕ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਅੱਜ ਨੌਜਵਾਨ ਅਨਮੋਲ ਮਹਿਮੀ ਨੂੰ ਜ਼ਮਾਨਤ ਦੇ ਦਿੱਤੀ ਹੈ। ਅਨਮੋਲ ਨੂੰ ਦੇਰ ਸ਼ਾਮ ਤੱਕ ਰਿਹਾ ਕਰ ਦਿੱਤਾ ਜਾਵੇਗਾ।

ਮਹਿਮੀ ਦੇ ਵਲੋਂ ਵਕੀਲ ਮਨਦੀਪ ਸਚਦੇਵਾ ਅਤੇ ਵੀ ਕੇ ਸਰੀਨ ਵਲੋਂ ਅਦਾਲਤ ਵਿੱਚ ਆਪਣਾ ਪੱਖ ਰੱਖਿਆ ਗਿਆ। ਉਨ੍ਹਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਪੁਲਿਸ ਨੇ ਜਾਣ ਬੁੱਝ ਕੇ ਇਸ ਹਾਦਸੇ ਦੇ ਕੇਸ ਨੂੰ ਕਤਲ ਦੀ ਕੋਸ਼ਿਸ਼ ਨਾਲ ਜੋੜਿਆ ਸੀ, ਜੋ ਕਿ ਬਿਲਕੁਲ ਗਲਤ ਹੈ। ਇਸ ਅਪੀਲ ਨੂੰ ਗੰਭੀਰਤਾ ਨਾਲ ਸੁਣਦਿਆਂ ਮਾਣਯੋਗ ਜੱਜ ਨੇ ਨੋਜਵਾਨ ਅਨਮੋਲ ਮਹਿਮੀ ਨੂੰ ਜ਼ਮਾਨਤ ਦੇ ਦਿੱਤੀ। ਹੁਣ ਅਨਮੋਲ ਦੇ ਪਰਿਵਾਰਕ ਮੈਂਬਰਾਂ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਅਨਮੋਲ ਨੂੰ 8 ਦਿਨਾਂ ਦੇ ਅੰਦਰ ਜ਼ਮਾਨਤ ਮਿਲ ਗਈ ਹੈ।

ਆਮ ਤੌਰ ‘ਤੇ, ਕਤਲ ਦੀ ਕੋਸ਼ਿਸ਼ ਦੀ ਧਾਰਾ ਵਿਚ ਅਜਿਹੀ ਕੋਈ ਜ਼ਮਾਨਤ ਨਹੀਂ ਹੈ। ਫਿਲਹਾਲ ਮਹਿਮੀ ‘ਤੇ ਕੇਸ ਧਾਰਾ 307 ਅਧੀਨ ਚਲਦਾ ਰਹੇਗਾ।

ਅਨਮੋਲ ਅਤੇ ਉਸ ਦੇ ਪਿਤਾ ਖ਼ਿਲਾਫ਼ ਥਾਣਾ ਛੇ ਵਿੱਚ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ। ਅਨਮੋਲ ਦੇ ਪਿਤਾ ਨੇ ਉਸ ਦੀ ਜਾਂਚ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਕੀਤੀ ਸੀ, ਜਿਸ ਕਾਰਨ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ।

ਜ਼ਿਕਰਯੋਗ ਹੈ ਕਿ ਮੀਡੀਆ ਵਿੱਚ ਵੀ ਪੁਲਿਸ ਦੀ ਕਾਰਵਾਈ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਸੀ। ਲੋਕਾਂ ਨੇ ਵੀ ਪੁਲਿਸ ਵਲੋਂ ਨੌਜਵਾਨ ਤੇ ਲਗਾਈ ਧਾਰਾ 307 ਦਾ ਪੁਰਜ਼ੋਰ ਵਿਰੋਧ ਕੀਤਾ ਸੀ। ਸੋਸ਼ਲ ਮੀਡੀਆ ਉੱਤੇ ਜਾਗਰੂਕ ਪਤੱਰਕਾਰਾਂ ਤੇ ਸ਼ਹਿਰਵਾਸਿਆਂ ਦੀ ਮੁਹਿੰਮ ਨੂੰ ਕੁੱਝ ਸਫਲਤਾ ਮਿਲੀ, ਜਦੋਂ ਅਦਾਲਤ ਨੇ ਨੌਜਵਾਨ ਅਨਮੋਲ ਮਹਿਮੀ ਨੂੰ ਜ਼ਮਾਨਤ ਦੇ ਦਿੱਤੀ।