ਹਰਿਆਣਾ, 6 ਦਸੰਬਰ | ਹਰਿਆਣਵੀ ਕਲਾਕਾਰ ਨਵੀਨ ਨਾਰੂ ਨੂੰ ਇਕ ਔਰਤ ਨਾਲ ਜਬਰ-ਜ਼ਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਂਸੀ ਪੁਲਿਸ ਨੇ ਉਸ ਨੂੰ ਫੜ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ।

ਜਾਣਕਾਰੀ ਦਿੰਦਿਆਂ ਡੀਐਸਪੀ ਰਵਿੰਦਰ ਸਾਂਗਵਾਨ ਨੇ ਦੱਸਿਆ ਕਿ ਹਰਿਆਣਵੀ ਕਲਾਕਾਰ ਖ਼ਿਲਾਫ਼ ਇਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਇਕ ਗੱਡੀ ਵੀ ਬਰਾਮਦ ਕੀਤੀ ਗਈ ਹੈ। ਡੀਐਸਪੀ ਅਨੁਸਾਰ ਮਾਮਲੇ ਦੀ ਜਾਂਚ ਅਜੇ ਜਾਰੀ ਹੈ।

ਜ਼ਿਕਰਯੋਗ ਹੈ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਔਰਤ ਨੇ ਦੋਸ਼ ਲਗਾਇਆ ਕਿ ਉਸ ਨੂੰ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕੀਤਾ ਜਾ ਰਿਹਾ ਸੀ। ਔਰਤ ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਸਕੂਲ ‘ਚ ਅਧਿਆਪਕ ਹੈ। ਉਹ ਸਾਲ 2020 ਵਿਚ ਹਰਿਆਣਵੀ ਕਲਾਕਾਰ ਨਵੀਨ ਦੇ ਸੰਪਰਕ ਵਿਚ ਆਈ ਸੀ।

ਉਸ ਸਮੇਂ ਉਸ ਨੇ ਹੀਰੋਇਨ ਬਣਾਉਣ ਬਹਾਨੇ ਉਸ ਨਾਲ ਦੋਸਤੀ ਕੀਤੀ, ਜਿਸ ਤੋਂ ਬਾਅਦ ਉਹ ਉਸਦੇ ਝਾਂਸੇ ‘ਚ ਆ ਗਈ। ਕੁਝ ਸਮੇਂ ਬਾਅਦ ਉਸ ਨੇ ਉਸ ਨੂੰ ਆਪਣੇ ਘਰ ਬੁਲਾਇਆ, ਉਸ ਨੂੰ ਚਾਹ ‘ਚ ਨਸ਼ੀਲੀ ਚੀਜ਼ ਪਿਆ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਦੇ ਨਾਲ ਹੀ ਉਹ ਵਿਆਹ ਦਾ ਝੂਠਾ ਵਾਅਦਾ ਕਰਦਾ ਰਿਹਾ ਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਰਿਹਾ।