ਚੰਡੀਗੜ੍ਹ . ਕੋਰੋਨਾਵਾਇਰਸ ਖਿਲਾਫ ਜੰਗ ਵਿਚ ਪੰਜਾਬ ਨੂੰ ਵੱਡੀ ਸਫਲਤਾ ਮਿਲੀ ਹੈ। ਕੋਰੋਨਾਵਾਇਰਸ ਤੋਂ ਪ੍ਰਭਾਵਿਤ ਕੋਈ ਵੀ ਮਰੀਜ ਇਲਾਜ ਅਧੀਨ ਨਾ ਹੋਣ ਕਾਰਨ ਸਿਹਤ ਵਿਭਾਗ ਨੇ ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੁਹਾਲੀ ਅਤੇ ਮੋਗਾ ਜ਼ਿਲ੍ਹਿਆਂ ਨੂੰ ਫਿਲਹਾਲ ਕੋਰੋਨਾ ਮੁਕਤ ਐਲਾਨ ਦਿੱਤਾ ਹੈ। ਇਸੇ ਤਰ੍ਹਾਂ ਬਰਨਾਲਾ, ਕਪੂਰਥਲਾ, ਫਤਿਹਗੜ੍ਹ ਸਾਹਿਬ, ਤਰਨ ਤਾਰਨ ਅਤੇ ਰੂਪਨਗਰ ਅਜਿਹੇ ਜ਼ਿਲ੍ਹੇ ਹਨ, ਜਿੱਥੇ ਇਸ ਸਮੇਂ ਸਿਰਫ ਇੱਕ-ਇੱਕ ਮਰੀਜ਼ ਹੀ ਇਲਾਜ ਅਧੀਨ ਹੈ ਜਦੋਂ ਕਿ ਮਾਨਸਾ ਅਤੇ ਪਠਾਨਕੋਟ ਵਿੱਚ ਦੋ-ਦੋ ਮਰੀਜ਼ ਇਲਾਜ ਅਧੀਨ ਹਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਬੁਲੇਟਨ ਮੁਤਾਬਕ ਲੰਘੇ 24 ਘੰਟਿਆਂ ਦੌਰਾਨ ਲੁਧਿਆਣਾ ਵਿਚ ਆਰਪੀਐੱਫ ਦੇ ਇੱਕ ਨੌਜਵਾਨ ਦਾ ਨਤੀਜਾ ਪਾਜ਼ੀਟਿਵ ਆਇਆ ਹੈ। ਸੂਬੇ ਵਿੱਚ ਕੁੱਲ 2,029 ਪਾਜ਼ੇਟਿਵ ਕੇਸਾਂ ਵਿੱਚੋਂ ਅੱਜ ਤੱਕ 1847 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਕੇ ਘਰੀਂ ਤੋਰ ਦਿੱਤਾ ਗਿਆ ਹੈ। ਹਸਪਤਾਲਾਂ ਜਾਂ ਆਈਸੋਲੇਸ਼ਨ ਕੇਂਦਰਾਂ ਵਿਚ ਇਸ ਸਮੇਂ 143 ਮਰੀਜ਼ ਇਲਾਜ ਅਧੀਨ ਹਨ।
ਪੰਜਾਬ ਵਿੱਚ ਹੁਣ ਤੱਕ ਸਾਹਮਣੇ ਆਏ 2,029 ਮਾਮਲਿਆਂ ਵਿੱਚੋਂ 9 ਜ਼ਿਲ੍ਹਿਆਂ ਵਿੱਚ ਹੀ ਸਭ ਤੋਂ ਵੱਧ ਕੇਸ ਹਨ। ਅੰਮ੍ਰਿਤਸਰ ਵਿੱਚ 312, ਜਲੰਧਰ ਵਿੱਚ 210, ਲੁਧਿਆਣਾ ਵਿੱਚ 172, ਤਰਨਤਾਰਨ ਵਿੱਚ 155, ਗੁਰਦਾਸਪੁਰ ਵਿੱਚ 129, ਨਵਾਂ ਸ਼ਹਿਰ ਵਿੱਚ 105, ਪਟਿਆਲਾ ਵਿੱਚ 104, ਮੁਹਾਲੀ ਵਿੱਚ 102 ਅਤੇ ਹੁਸ਼ਿਆਰਪੁਰ ਵਿੱਚ ਵੀ 102 ਮਾਮਲੇ ਸਾਹਮਣੇ ਆਏ ਹਨ। ਇਹ ਕੁੱਲ ਮਾਮਲੇ 1,391 ਬਣਦੇ ਹਨ। ਪੰਜਾਬ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਨਵੇਂ ਮਾਮਲੇ ਘੱਟ ਆਉਣ ਕਾਰਨ ਭਾਵੇਂ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ ਪਰ ਜੂਨ ਅਤੇ ਜੁਲਾਈ ਦੇ ਮਹੀਨਿਆਂ ਦੌਰਾਨ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਤੇ ਇਨ੍ਹਾਂ ਮਹੀਨਿਆਂ ਦੌਰਾਨ ਨਵੇਂ ਮਾਮਲੇ ਵਧ ਵੀ ਸਕਦੇ ਹਨ।
ਪੰਜਾਬ ਲਈ ਖੁਸ਼ਖਬਰੀ, 5 ਜ਼ਿਲ੍ਹੇ ਹੋਏ ਕੋਰੋਨਾ ਮੁਕਤ
Related Post