ਚੰਡੀਗੜ੍ਹ, 12 ਫਰਵਰੀ| ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿਚ ਖਾਸੀ ਹਲਚਲ ਹੈ। ਦਿੱਲੀ ਕੂਚ ਤੋਂ ਰੋਕਣ ਲਈ ਹਰਿਆਣਾ ਪੁਲਿਸ ਨੇ ਜ਼ਬਰਦਸਤ ਬੰਦੋਬਸਤ ਕੀਤੇ ਹਨ। ਹਰਿਆਣਾ ਬਾਰਡਰ ਉਤੇ ਪੁਲਿਸ ਨੇ ਸੜਕਾਂ ਨੂੰ ਪੁੱਟ ਦਿੱਤਾ ਹੈ। ਨਾਲ ਹੀ ਕਿੱਲਾਂ ਤੇ ਹੋਰ ਬੰਦੋਬਸਤ ਕੀਤੇ ਹਨ।

ਬਾਰਡਰ ਨੂੰ ਕੰਡੇਦਾਰ ਤਾਰਾਂ, ਸੀਮੈਂਟ ਦੇ ਬੈਰੀਕੇਡ ਨਾਲ ਕਵਰ ਕੀਤਾ ਜਾ ਰਿਹਾ ਹੈ। ਫਿਲਹਾਲ ਹਰਿਆਣਾ ਦੇ ਪੰਦਰਾਂ ਜ਼ਿਲ੍ਹਿਆਂ ਵਿਚ ਧਾਰਾ 144 ਲਗਾਈ ਗਈ ਹੈ। ਇਸੇ ਤਰ੍ਹਾਂ ਹੀ ਕਈ ਜ਼ਿਲ੍ਹਿਆਂ ਵਿਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਰਾਜਧਾਨੀ ਚੰਡੀਗੜ੍ਹ ਵਿਚ 60 ਦਿਨਾਂ ਲਈ ਧਾਰਾ 144 ਲਗਾਈ ਗਈ ਹੈ।

ਜਾਣਕਾਰੀ ਅਨੁਸਾਰ ਪੰਜਾਬ ਤੋਂ ਕਿਸਾਨਾਂ ਦਾ ਮੂਵਮੈਂਟ ਸ਼ੁਰੂ ਹੋ ਗਈ ਹੈ। ਪੰਜਾਬ ਦੇ ਬਿਆਸ ਤੋਂ ਵੱਡੀ ਗਿਣਤੀ ਵਿਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਹਰਿਆਣਾ ਵੱਲ ਨਿਕਲੇ ਹਨ। ਇਹ ਕਿਸਾਨ ਬਿਆਸ ਤੋਂ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋਏ ਹਨ। ਇਨ੍ਹਾਂ ਨਾਲ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇਤਾ ਸਰਵਣ ਸਿੰਘ ਪੰਧੇਰ ਮੌਜੂਦ ਹਨ।

ਕਿਸਾਨਾਂ ਦੇ ਅੰਦੋਲਨ ਦੇ ਚਲਦੇ ਹਰਿਆਣਾ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸਿਰਸਾ ਵਿਚ ਚੌਧਰੀ ਦਲਬੀਰ ਸਿੰਘ ਇੰਡੋਰ ਸਟੇਡੀਅਮ ਅਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਡਬਵਾਲੀ ਨੂੰ ਟੈਂਪਰੇਰੀ ਜੇਲ੍ਹ ਬਣਾਇਆ ਗਿਆ ਹੈ। ਕਿਸਾਨਾਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਇਨ੍ਹਾਂ ਜੇਲ੍ਗਾਂ ਵਿਚ ਸ਼ਿਫਟ ਕੀਤਾ ਜਾ ਸਕਦਾ ਹੈ। ਹਰਿਆਣਾ ਪੁਲਿਸ ਨੇ ਸੋਸ਼ਲ ਮੀਡੀਆ ਉਤੇ ਗਲਤ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਵੀ ਚੇਤਾਵਨੀ ਜਾਰੀ ਕੀਤੀ ਹੈ।