ਨੈਸ਼ਨਲ ਡੈਸਕ, 9 ਦਸੰਬਰ | ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਡੋਨਾਲਡ ਟਰੰਪ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਆਪਣੇ ਏਜੰਡੇ ਦਾ ਖੁਲਾਸਾ ਕੀਤਾ। ਟਰੰਪ ਨੇ ਇਕ ਵਾਰ ਫਿਰ ਅਮਰੀਕਾ ਵਿਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਆਪਣੀ ਯੋਜਨਾ ਨੂੰ ਦੁਹਰਾਇਆ। ਉਨ੍ਹਾਂ ਡਰੀਮਰ ਪ੍ਰਵਾਸੀਆਂ ਦੀ ਸੁਰੱਖਿਆ ਲਈ ਕਦਮ ਚੁੱਕਣ ਦੀ ਗੱਲ ਵੀ ਕਹੀ।

ਤੁਹਾਨੂੰ ਦੱਸ ਦੇਈਏ ਕਿ ਡਰੀਮਰਸ ਇਮੀਗ੍ਰੈਂਟਸ ਉਹ ਪ੍ਰਵਾਸੀ ਹਨ, ਜੋ ਬਚਪਨ ਵਿਚ ਅਮਰੀਕਾ ਆਏ ਸਨ ਅਤੇ ਉਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਹਨ।

NBC ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਟਰੰਪ ਨੇ ਕਿਹਾ ਕਿ ਆਪਣੇ ਅਹੁਦੇ ‘ਤੇ ਪਹਿਲੇ ਦਿਨ ਹੀ ਉਹ ਜਨਮ ਸਮੇਂ ਅਮਰੀਕੀ ਨਾਗਰਿਕਤਾ ਦੇ ਅਧਿਕਾਰ ਨੂੰ ਰੱਦ ਕਰ ਦੇਣਗੇ। ਅਮਰੀਕੀ ਸੰਵਿਧਾਨ ਦੇ 14ਵੇਂ ਸੰਸ਼ੋਧਨ ਅਨੁਸਾਰ ਅਮਰੀਕਾ ਵਿਚ ਪੈਦਾ ਹੋਏ ਕਿਸੇ ਵੀ ਬੱਚੇ ਨੂੰ ਜਨਮ ਲੈਂਦੇ ਹੀ ਅਮਰੀਕੀ ਨਾਗਰਿਕਤਾ ਮਿਲ ਜਾਂਦੀ ਹੈ। ਚਾਹੇ ਉਸ ਦੇ ਮਾਤਾ-ਪਿਤਾ ਕਿਸੇ ਵੀ ਦੇਸ਼ ਦੀ ਨਾਗਰਿਕਤਾ ਰੱਖਦੇ ਹੋਣ। ਹਾਲਾਂਕਿ ਟਰੰਪ ਦੇ ਫੈਸਲੇ ਨੂੰ ਕਾਨੂੰਨੀ ਅੜਚਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।