ਮੋਗਾਸੀਆਈਏ ਸਟਾਫ ਨੇ ਵੀਰਵਾਰ ਨੂੰ ਇੱਕ ਖਾਸ ਮੁਖਬਰ ਦੀ ਸੂਚਨਾ ‘ਤੇ ਵੱਡੀ ਕਾਰਵਾਈ ਕਰਦਿਆਂ ਪਿੰਡ ਅਜੀਤਵਾਲ ਤੋਂ ਆਕਾਸ਼ਦੀਪ ਸਿੰਘ ਉਰਫ ਆਕਾਸ਼ਾ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਕੋਲੋਂ 32 ਬੋਰ ਦੀਆਂ 4 ਦੇਸੀ ਪਿਸਤੌਲਾਂ, ਮੈਗਜ਼ੀਨ ਅਤੇ 8 ਜਿੰਦੇ ਕਾਰਤੂਸ ਬਰਾਮਦ ਕੀਤੇ ਗਏ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਅਜੈ ਗਾਂਧੀ ਨੇ ਦੱਸਿਆ ਕਿ ਵੀਰਵਾਰ ਨੂੰ ਸੀਆਈਏ ਸਟਾਫ ਦੀ ਪੁਲਿਸ ਟੀਮ ਗਸ਼ਤ ਕਰ ਰਹੀ ਸੀ ਅਤੇ ਜਦੋਂ ਕਸਬਾ ਅਜੀਤਵਾਲ ਬੱਸ ਅੱਡੇ ਦੇ ਨੇੜੇ ਪਹੁੰਚੀ ਤਾਂ ਇੱਕ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਆਕਾਸ਼ਦੀਪ ਸਿੰਘ ਵਾਸੀ ਪਿੰਡ ਕੋਕਰੀ ਕਲਾਂ, ਜ਼ਿਲ੍ਹਾ ਮੋਗਾ, ਨਾਜਾਇਜ਼ ਹਥਿਆਰਾਂ ਸਮੇਤ ਅਜੀਤਵਾਲ ਤੋਂ ਕੋਕਰੀ ਫੂਲਾ ਸਿੰਘ ਵਾਲੀ ਸੜਕ ਦੇ ਨਾਲ ਨਾਲ਼ੇ ਦੀ ਪਟੜੀ ‘ਤੇ ਖੜਾ ਹੈ ਅਤੇ ਕਿਸੇ ਦੀ ਉਡੀਕ ਕਰ ਰਿਹਾ ਹੈ।

ਸੂਚਨਾ ਦੇ ਅਧਾਰ ‘ਤੇ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਦੱਸੇ ਗਏ ਥਾਂ ‘ਤੇ ਛਾਪਾ ਮਾਰਿਆ ਅਤੇ ਦੋਸ਼ੀ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ 32 ਬੋਰ ਦੀਆਂ 4 ਦੇਸੀ ਪਿਸਤੌਲਾਂ, ਮੈਗਜ਼ੀਨ ਅਤੇ 8 ਜਿੰਦੇ ਕਾਰਤੂਸ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਦੋਸ਼ੀ ਖ਼ਿਲਾਫ ਥਾਣਾ ਅਜੀਤਵਾਲ ‘ਚ ਆਰਮਜ਼ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।

ਸ਼ੁਰੂਆਤੀ ਪੁੱਛਗਿੱਛ ਦੌਰਾਨ ਆਕਾਸ਼ਦੀਪ ਸਿੰਘ ਨੇ ਖੁਲਾਸਾ ਕੀਤਾ ਕਿ ਇਹ ਹਥਿਆਰ ਉਸਨੂੰ ਅੰਮ੍ਰਿਤਸਰ ਜੇਲ੍ਹ ‘ਚ ਬੰਦ ਬੰਬੀਹਾ ਗੈਂਗ ਨਾਲ ਸਬੰਧਤ ਗੈਂਗਸਟਰ ਧਰਮਿੰਦਰ ਸਿੰਘ ਉਰਫ ਬਾਜੀ ਵਾਸੀ ਦੋਸਾਂਝ, ਜ਼ਿਲ੍ਹਾ ਮੋਗਾ ਵਲੋਂ ਮੁਹੱਈਆ ਕਰਵਾਏ ਗਏ ਸਨ। ਇਸ ਮਾਮਲੇ ‘ਚ ਧਰਮਿੰਦਰ ਸਿੰਘ ਨੂੰ ਵੀ ਨਾਂਜਦ ਦੋਸ਼ੀ ਬਣਾਇਆ ਗਿਆ ਹੈ।

ਆਕਾਸ਼ਦੀਪ ਸਿੰਘ ਦੀ ਉਮਰ ਲਗਭਗ 20-25 ਸਾਲ ਹੈ ਅਤੇ ਉਸ ਦੇ ਖਿਲਾਫ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਸੋਸ਼ਲ ਮੀਡੀਆ ਰਾਹੀਂ ਆਕਾਸ਼ਦੀਪ ਸਿੰਘ ਦੀ ਜਾਣ-ਪਛਾਣ ਬੰਬੀਹਾ ਗੈਂਗ ਦੇ ਗੁਰਗਿਆਂ ਨਾਲ ਹੋਈ ਸੀ ਅਤੇ ਹਥਿਆਰ ਕਿਸੇ ਅਣਪਛਾਤੇ ਵਿਅਕਤੀ ਵਲੋਂ ਦਿੱਤੇ ਗਏ ਸਨ। ਆਕਾਸ਼ਦੀਪ ਸਿੰਘ ਦਾ ਫ਼ੋਨ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਮਾਮਲੇ ‘ਚ ਹੋਰ ਕੌਣ-ਕੌਣ ਸ਼ਾਮਲ ਹੈ। ਜਦਕਿ ਜੇਲ੍ਹ ‘ਚ ਬੰਦ ਗੈਂਗਸਟਰ ਧਰਮਿੰਦਰ ਸਿੰਘ ਖਿਲਾਫ 20 ਅਪਰਾਧਿਕ ਮਾਮਲੇ ਦਰਜ ਹਨ। ਅੱਜ ਦੋਸ਼ੀ ਆਕਾਸ਼ਦੀਪ ਸਿੰਘ ਨੂੰ ਮੋਗਾ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਹੋਰ ਖੁਲਾਸੇ ਹੋ ਸਕਣ।