ਅੱਧਾ ਮਾਸਟਰ’ ਸੁਖਵੀਰ ਸਿੱਧੂ ਦੇ ਲੇਖਾਂ,ਗੀਤ ਤੇ ਕਵਿਤਾਵਾਂ ਦਾ ਸਾਂਝਾ ਸੰਗ੍ਰਹਿ ਹੈ। ਸੁਖਵੀਰ ਦੀ ਕਵਿਤਾ ਤੇ ਵਾਰਤਕ ਉਸ ਦੇ ਆਪਣੇ ਅਨੁਭਵ ‘ਚੋਂ ਰਿੜਕਿਆ ਉਹ ਮੱਖਣ ਹੈ ਜਿਸ ਨਾਲ ਉਸ ਨੇ ਜ਼ਿੰਦਗੀ ਵਿਚ ਮਿਲੀਆਂ ਸੁੱਕੀਆਂ ਰੋਟੀਆਂ ਨਾਲ ਵੀ ਉਹ ਮੱਖਣ ਲਾ ਕੇ ਖਾਣ ਦੀ ਠਾਣ ਲਈ। ਸਿੱਧੂ ਦੀ ਵਾਰਤਕ ਇਕ ਲੈਅ ਵਿਚ ਚਲਦੀ ਹੋਈ ਉਸ ਦੇ ਆਪਣੇ ਜੀਵਨ ਨੂੰ ਜਿਉਣ ਲਈ ਮੁਸ਼ਕਲ ਨਾਲ ਕਿਵੇਂ ਆਢਾ ਲੈਣਾ ਹੈ ਤੇ ਕਿਵੇਂ ਇਨ੍ਹਾਂ ਮੁਸ਼ਕਲਾਂ ‘ਚੋਂ ਬਾਹਰ ਨਿਕਲਣਾ ਹੈ, ਉਸ ਲਈ ਰਾਹ ਦਸੇਰਾ ਬਣਦੀ ਹੈ। ਸੁਖਵੀਰ ਦੀ ਕਵਿਤਾ ਤੇ ਵਾਰਤਕ ਨੂੰ ਪੜ੍ਹਦਿਆ ਇਹ ਮਹਿਸੂਸ ਹੁੰਦਾ ਹੈ ਉਹ ਲਾਲਚੀ ਤੇ ਸਰਮਾਏਦਾਰਾਂ ਦੇ ਵਰਛਿਆ ਦਾ ਸ਼ਿਕਾਰ ਹੋਇਆ ਹੈ। ਉਹ ਜ਼ਿੰਦਗੀ ਵਿਚ ਲੋਕਾਂ ਦੇ ਪਲ਼-ਪਲ਼ ਬਦਲਦੇ ਚਿਹਰਿਆਂ ਤੋਂ ਉਦਾਸ ਹੈ। ਉਸ ਦਾ ਮਨ ਸੰਵੇਦਨਸ਼ੀਲ ਤੇ ਨੀਵਾਂ ਹੈ ਇਸੇ ਲਈ ਉਹ ਆਪਣੇ ਆਪ ਨੂੰ ਅੱਧਾ ਮਾਸਟਰ ਕਹਿੰਦਾ ਹੈ। ਉਸ ਦੀ ਪਹਿਲੀ ਅਧਿਆਪਕ ਦੀ ਨੋਕਰੀ ਵਿਚ ਉਸ ਨਾਲ ਦੋ ਮੂੰਹੀ ਲੋਕਾਂ ਦਾ ਸਾਥ ਉਸ ਨੂੰ ਪਰੇਸ਼ਾਨ ਕਰਦਾ ਰਿਹਾ ਜਿਸ ਵਿਚੋਂ ਉਸ ਦੀ ਕਵਿਤਾ ਤੇ ਵਾਰਤਕ ਉਪਜਦੀ ਹੈ। ਉਹ ਜਦ ‘ਬਾਪੂ ਕਵਿਤਾ ਲਿਖਦਾ ਹੈ ਤਾਂ ਲੱਗਦਾ ਹੈ ਉਹ ਆਪਣੇ ਬਾਪ ਕੋਲੋਂ ਇਮਾਨਦਾਰੀ ਦੀਆਂ ਜੋ ਬਾਰੀਕੀਆਂ ਸਿੱਖਦਾ ਹੈ ਉਨ੍ਹਾਂ ਸਿੱਖੀਆਂ ਸਾਰੀਆਂ ਬਾਰੀਕੀਆਂ ਨੂੰ ਆਪਣੇ ਜੀਵਨ ਅਲਮ ਰੂਪ ਵਿਚ ਵਸਾਈ ਬੈਠਾ ਹੈ। ਅੱਜ ਦੇ ਪੂੰਜੀਵਾਦ ਦੇ ਦੌਰ ਵਿਚ ਜੋ ਹਸ਼ਰ ਬੁੱਧੀਜੀਵੀਂਆਂ ਦਾ ਹੋ ਰਿਹਾ ਹੈ ਉਸ ਤੋਂ ਸੁਖਵੀਰ ਤੇ ਉਸਦੀਆਂ ਕਵਿਤਾਵਾਂ ਚੰਗੀ ਤਰ੍ਹਾਂ ਜਾਣੂ ਹਨ। ਸੁਖਵੀਰ ਐੱਮਐੰੱਸਸੀ ਕੰਪਿਊਟਰ ਸਾਇੰਸ ਦਾ ਵਿਦਿਆਰਥੀਆਂ ਰਿਹਾ ਹੈ ਸ਼ਾਇਦ ਇਸੇ ਲਈ ਉਹ ਜਾਣਦਾ ਹੈ ਕੀ ਇਹ ਜੀਵਨ ਇਕ ਤਕਨਾਲੋਜੀ ਦੇ ਵਾਂਗ ਸਦਾ ਸਥਿਰ ਨਹੀਂ ਰਹਿੰਦਾ ਤੇ ਅਗਾਂਹ ਪੜਾਅ ਦੀ ਵਿਉਂਤਬੰਦੀ ਉਹ ਪਹਿਲੇ ਹੀ ਸੋਚ ਲੈਂਦਾ ਹੈ। ਇਹ ਕਿਤਾਬ ਉਨ੍ਹਾਂ ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗੀ ਜੋ ਕਾਲਜ, ਯੂਨੀਵਰਸਿਟੀਆਂ ਵਿਚ ਅਧਿਆਪਕ ਬਣਨ ਦੀ ਪੜ੍ਹਾਈ ਕਰ ਰਹੇ ਹਨ ਤੇ ਜਿਨ੍ਹਾਂ ਨੇ ਆਪਣੇ ਚੰਗੇ ਸੁਪਨੇ ਲੈ ਕੇ ਇਸ ਸਰਮਾਏਦਾਰਾਂ ਦੇ ਮੱਥੇ ਨਾਲ ਮੱਥਾ ਲਾਉਣਾ ਹੈ।

ਲੇਖਕ-ਸੁਖਵੀਰ ਸਿੱਧੂ

ਪ੍ਰਕਾਸ਼ਕ- ਸੂਰਜਾਂ ਦੇ ਵਾਰਿਸ

ਪੰਨੇ 88

ਮੁੱਲ – 120