ਫਰੀਦਕੋਟ/ਜੈਤੋ | ਇਥੋਂ ਦੇ ਗੁਰਦੁਆਰਾ ਗੁਰੂ ਕੀ ਢਾਬ ਦੇ ਮੈਨੇਜਰ ‘ਤੇ ਨਿਹੰਗਾਂ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਕੋਟਕਪੂਰਾ ਦੇ ਸਿਵਲ ਹਸਪਤਾਲ ‘ਚ ਇਲਾਜ ਅਧੀਨ ਮੈਨੇਜਰ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੁਰਦੁਆਰਾ ਸਾਹਿਬ ‘ਚ ਬੈਠੇ ਸਨ ਤਾਂ ਕੁਝ ਨਿਹੰਗਾਂ ਨੇ ਗੁਰਦੁਆਰਾ ਸਾਹਿਬ ‘ਚ ਆ ਕੇ ਲੰਗਰ ਆਦਿ ਛਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਗੁਰਦੁਆਰਾ ਗੁਰੂ ਕੀ ਢਾਬ ਦੇ ਮੁਲਾਜ਼ਮ ਲਖਵਿੰਦਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਨ੍ਹਾਂ ਨਿਹੰਗ ਸਿੰਘਾਂ ਨਾਲ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਮਾਮੂਲੀ ਤਕਰਾਰ ਹੋਈ ਅਤੇ ਮਾਮਲਾ ਸ਼ਾਂਤ ਹੋ ਗਿਆ। ਜਦੋਂ ਉਹ ਨਜ਼ਦੀਕੀ ਪਿੰਡ ਸਰਾਵਾਂ ਵਿਚ ਕਿਸੇ ਦੇ ਭੋਗ ਵਿਚ ਸ਼ਾਮਲ ਹੋਣ ਲਈ ਕਾਰ ਵਿਚ ਜਾ ਰਹੇ ਸੀ ਤਾਂ ਉਕਤ ਨਿਹੰਗਾਂ ਨੇ ਉਨ੍ਹਾਂ ਦੀ ਕਾਰ ਅੱਗੇ ਆਪਣੇ ਘੋੜੇ ਖੜ੍ਹੇ ਕਰ ਦਿੱਤੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਕਤ ਵਿਅਕਤੀਆਂ ਨੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਕਾਰ ਦੀ ਵੀ ਭੰਨਤੋੜ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਰਗਾੜੀ ਅਤੇ ਥਾਣਾ ਜੈਤੋ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ।

ਪੁਲਿਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਤੇ ਡਾ. ਜਸਪਾਲ ਸਿੰਘ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਕੋਟਕਪੂਰਾ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ। ਸਿਵਲ ਹਸਪਤਾਲ ਜੈਤੋ ਵਿਚ ਦਾਖਲ ਇਕ ਨਿਹੰਗ ਦੀ ਪਛਾਣ ਰੋਬਿਨਪ੍ਰੀਤ ਸਿੰਘ ਖਿਆਲਾਂ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।