ਚੰਡੀਗੜ੍ਹ | ਪੰਜਾਬ ‘ਚ ਬਦਲਦੇ ਮੌਸਮ ਨੇ ਕਿਸਾਨਾਂ ਨੂੰ ਫਿਰ ਫਿਕਰਾਂ ‘ਚ ਪਾ ਦਿੱਤਾ ਹੈ। ਕੱਲ੍ਹ ਗਰਮੀ ਵਧਣ ਮਗਰੋਂ ਅੱਜ ਮੌਸਮ ਮੁੜ ਖਰਾਬ ਹੋ ਗਿਆ। ਕਈ ਥਾਵਾਂ ਤੋਂ ਕਿਣਮਿਣ ਦੀਆਂ ਰਿਪੋਰਟਾਂ ਹਨ। ਇਸ ਨਾਲ ਝੋਨੇ ਦੀ ਕਟਾਈ ਤੇ ਮੰਡੀਆਂ ਵਿੱਚ ਪਈ ਫਸਲ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ।

ਇਸ ਵੇਲੇ ਪੂਰੇ ਪੰਜਾਬ ਵਿੱਚ ਝੋਨੇ ਦੀ ਕਟਾਈ, ਤੁਲਾਈ ਤੇ ਨਰਮੇ ਦੀ ਚੁਗਾਈ ਚੱਲ ਰਹੀ ਹੈ। ਅਚਾਨਕ ਮੌਸਮ ਵਿਗੜਨ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ।

ਇਸ ਵਾਰ ਕੇਂਦਰ ਸਰਕਾਰ ਨੇ ਵੀ ਨਮੀ ਨੂੰ ਲੈ ਕੇ ਸਖਤੀ ਕੀਤੀ ਹੋਈ ਹੈ। ਬਾਰਿਸ਼ ਕਰਕੇ ਥੋੜ੍ਹੀ ਜਿਹੀ ਸਿੱਲ ਨਾਲ ਹੀ ਖੇਤਾਂ ਵਿੱਚ ਕੰਬਾਈਨਾਂ ਦਾ ਚੱਲਣਾ ਬੰਦ ਹੋ ਜਾਂਦਾ ਹੈ। ਇਸ ਨਾਲ ਮੰਡੀਆਂ ਵਿੱਚ ਵਿਕਣ ਆਏ ਝੋਨੇ ਦੀ ਨਮੀ ਵਾਲੀ ਮਾਤਰਾ ਵਧਣ ਨਾਲ ਬੋਲੀ ਨਹੀਂ ਲੱਗਦੀ।

ਉਧਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੁਤਾਬਕ ਮੌਸਮ ਦੀ ਜਾਣਕਾਰੀ ਕਿਸਾਨਾਂ ਨੂੰ ਦੇ ਦਿੱਤੀ ਗਈ ਹੈ। ਦੂਜੇ ਪਾਸੇ ਮੰਡੀਆਂ ਵਿੱਚ ਝੋਨੇ ਤੇ ਨਰਮੇ ਨੂੰ ਲੈ ਕੇ ਆਏ ਕਿਸਾਨਾਂ ਕੋਲ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਦਾ ਕੋਈ ਪ੍ਰਬੰਧ ਨਹੀਂ ਹੈ, ਜਦੋਂਕਿ ਮੰਡੀਆਂ ਵਿੱਚ ਫਸਲ ਭਿੱਜਣ ਸਮੇਤ ਹਰ ਤਰ੍ਹਾਂ ਦੀ ਰਾਖੀ ਪੰਜਾਬ ਮੰਡੀ ਬੋਰਡ ਵੱਲੋਂ ਕਰਨੀ ਹੁੰਦੀ ਹੈ।

ਦੱਸ ਦੇਈਏ ਕਿ ਉੱਤਰੀ ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿੱਚ ਮੌਸਮ ਦਾ ਮਿਜਾਜ਼ ਬਦਲ ਰਿਹਾ ਹੈ। ਮੌਸਮ ਵਿਭਾਗ (IMD) ਨੇ ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਐਤਵਾਰ ਨੂੰ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਅੱਜ ਸਵੇਰੇ ਹੀ ਰਾਸ਼ਟਰੀ ਰਾਜਧਾਨੀ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ।