ਪੁਨੀਤ

ਸਾਡੇ ਦੇਸ਼ ਵਿੱਚ ਅਕਸਰ ਹੀ ਦਿਲ ਨੂੰ ਦਹਿਲਾਉਣ ਵਾਲੀਆਂ ਖਬਰਾਂ ਚਲਦੀਆਂ ਰਹਿੰਦੀਆਂ ਹਨ,ਪਰ ਕੋਰੋਨਾ ਮਹਾਂਮਾਰੀ ਦੇ ਚਲਦੇ ਇਨਾਂ ਖਬਰਾਂ ਵਿੱਚ ਕੁਝ ਜ਼ਿਆਦਾ ਹੀ ਹਿਜ਼ਾਫ਼ਾ ਦੇਖਣ ਨੂੰ ਮਿਲਿਆ ਹੈ।ਜਿਵੇ ਕਿ ਲੌਕਡਾਊਨ ਦੇ ਸ਼ੁਰੂਆਤੀ ਦਿਨਾਂ ਵਿੱਚ ਪਰਵਾਸੀ ਮਜ਼ਦੂਰ ਜਿਨ੍ਹਾਂ ਨੇ ਕਿ ਆਪਣੇ ਰੁਜ਼ਗਾਰ ਅਤੇ ਆਪਣੀ ਜਾਨ ਉੱਪਰ ਅਚਾਨਕ ਆਉਣ ਵਾਲੇ ਸੰਕਟ ਨੂੰ ਮਹਿਸੂਸਦਿਆਂ ਆਪਣੇ ਘਰਾਂ ਵੱਲ ਨੂੰ ਪੈਦਲ ਹੀ ਜਾ ਰਸਤੇ ਵਿੱਚ ਮਿਲੇ ਕਿਸੇ ਵੀ ਸਾਧਨ ਰਾਹੀਂ ਜਾਣ ਦਾ ਫੈਸਲਾ ਕਰ ਲਿਆ ਜੋ ਕਿ ਬੜੇ ਹੀ ਅਣਕਿਆਸੇ ਹਾਦਸਿਆਂ ਨਾਲ ਭਰਪੂਰ ਰਿਹਾ,ਤੇ ਉਨ੍ਹਾਂ ਦੇ ਸਫ਼ਰ ਤੋਂ ਆਈਆਂ ਖਬਰਾਂ ਨੇ ਇੱਕ ਮੌਜੂਦਾ ਸਰਕਾਰ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਦਿਲਾਂ ਨੂੰ ਗਮਜ਼ਦਾ ਕੀਤਾ।

ਇਸ ਤਰਾਂ ਦੀਆ ਕਹਾਣੀਆਂ ਤਾ ਬਹੁਤ ਹਨ ਪਰ ਇਥੇ ਹੁਣ ਮੈ ਜਿਸ ਘਟਨਾ ਦੀ ਗੱਲ ਕਰਾਂਗਾ ਉਹ ਹੈ ਉੱਤਰਪ੍ਰਦੇਸ਼ ਦੇ ਹਾਥਰਸ ਜਿਲ੍ਹੇ ਦੇ ਚੰਦਪਾ ਠਾਣੇ ਅਧੀਨ ਪੈਂਦੇ ਇੱਕ ਇਲਾਕੇ ਦੀ ,ਜਿਥੇ ਕਿ ਚਾਰ ਦੋਸ਼ੀਆਂ ਨੇ ਥੋੜੇ ਦਿਨ ਪਹਿਲਾ 19 ਸਾਲਾਂ ਦੀ ਦਲਿਤ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਕੇ ਉਸ ਨੂੰ ਜਾਨੋ ਮਾਰ ਦਿੱਤਾ।ਦੋਸ਼ੀਆਂ ਨੇ ਉਸ ਦੀ ਜੀਭ ਕੱਟ ਕੇ ਤੇ ਉਸ ਦੀ ਰੀੜ੍ਹ ਦੀ ਹੱਡੀ ਤੋੜ ਕੇ ਬੜੇ ਹੀ ਵਹਿਸ਼ੀਆਨਾ ਤਰੀਕੇ ਨਾਲ ਉਸ ਨੂੰ ਮਾਰਿਆ।ਮੀਡੀਆ ਨਾਲ ਸੰਬੋਧਿਤ ਹੁੰਦਿਆਂ ਪੀੜਿਤਾਂ ਦੀ ਮਾਂ ਨੇ ਇਹ ਵੀ ਕਿਹਾ ਕਿ ਉਸ ਦੀ ਧੀ ਦੀ ਬਦ-ਕਿਸਮਤੀ ਹੈ ਕਿ ਉਸ ਨੇ  ਠਾਕੁਰਾ(uppr-caste)ਦੇ ਪਿੰਡ ਵਿੱਚ ਜਨਮ ਲਿਆ।ਇਸ ਤਰਾਂ ਦੇ ਬਿਆਨ ਵੀ ਸੰਵੇਦਨਸ਼ੀਲ ਸੋਚ ਰੱਖਣ ਵਾਲੇ ਹਿਰਦਿਆਂ ਨੂੰ ਝੰਜੋੜਦੇ ਹਨ ਕਿ ਆਖਿਰ ਕਿਉ ਜਿੱਥੇ ਔਰਤਾਂ ਦੀ ਬਰਾਬਰੀ ਲਈ ਸਾਡੇ ਅਨੇਕਾਂ ਆਗੂਆਂ ਜਾ ਰਹਿਬਰਾਂ  ਨੇ ਆਵਾਜ਼ ਉਠਾਈ ਓਥੇ ਅੱਜ ਵੀ ਇਸ ਤਰਾਂ ਦੀਆ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ।

ਪਹਿਲਾ-ਪਹਿਲ ਤਾ ਇਸ ਕਹਾਣੀ ਨੂੰ  ਬਾਕੀ ਕਹਾਣੀਆਂ ਵਾਂਗ ਅਫਵਾਹ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸੋਸ਼ਲ ਮੀਡੀਆ ਰਾਹੀਂ ਇਹ ਖੌਫਨਾਕ ਅਤੇ ਦਰਿੰਦਗੀ ਭਰਿਆ ਸੱਚ ਲੋਕਾਂ ਤੱਕ ਪਹੁੰਚਿਆ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਚਾਰੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਪਰ ਖਬਰ ਪੜ੍ਹ ਕੇ ਜਾ ਸੁਣ ਕੇ ਮਨ ਵਿੱਚ ਇੱਕ ਹੀ ਸਵਾਲ ਉੱਠਦਾ ਹੈ ਕਿ ਕੋਈ ਇਨਾ ਵੀ ਬੇਰਹਿਮ ਹੋ ਸਕਦਾ ਹੈ?

ਭਾਰਤ ਦੇ ਬਾਸ਼ਿੰਦਿਆਂ ਵੱਲੋ ਲਗਾਤਾਰ ਮੌਤ  ਦੀ ਸਜ਼ਾ ਦੀ ਮੰਗ ਤਾ ਉੱਠ ਰਹੀ ਹੈ,ਹਰ ਕੋਈ ਉਨ੍ਹਾਂ ਨੂੰ ਸਜ਼ਾ ਦਿਵਾਉਣ ਤੋਂ ਬਾਦ ਜਿੱਤ ਦੇ ਜਸ਼ਨ ਮਨਾਉਣ ਲਈ ਤਾ ਕਾਹਲਾ ਹੈ ,ਪਰ ਅਸਲੀ ਸਵਾਲ ਤਾ ਇਹ ਉੱਠਦਾ ਹੈ ਕਿ ਕੀ ਉਨ੍ਹਾਂ ਨੂੰ ਸਜ਼ਾ ਦੇਣ ਤੋਂ ਬਾਅਦ ਇਸ ਤਰਾਂ ਹੁੰਦੇ ਜ਼ਬਰ-ਜਨਾਹ ਰੁਕ ਜਾਣਗੇ?ਕੀ ਸਾਡੀ ਔਰਤਾਂ ਪ੍ਰਤੀ ਮਾਨਸਿਕਤਾ ਬਦਲ ਜਾਊਗੀ?

ਮੌਤ ਦੀ ਸਜ਼ਾ ਦਾ ਦ੍ਰਿਸ਼ ਤਾ ਅਸੀਂ 2012 ਵਿੱਚ ਹੋਏ ਨਿਰਭਆ ਕੇਸ ਜਾ 2019 ਦੇ ਹੈਦਰਾਬਾਦ ਵਿੱਚ ਹੋਏ ਸਮੂਹਿਕ ਬਲਾਤਕਾਰ ਕੇਸਾਂ ਵਿੱਚ ਦੇਖ ਹੀ ਚੁਕੇ ਹਾਂ ਪਰ ਫੇਰ ਵੀ ਕੁਝ ਮਹੀਨਿਆਂ ਬਾਅਦ ਹੀ ਅੱਜ ਉਸੇ ਤਰਾਂ ਦਾ ਵਰਤਾਰਾ ਸਾਡੇ ਸਾਹਮਣੇ ਆ ਖੜ੍ਹਿਆ ਹੈ।

ਭਾਰਤ ਵਿੱਚ ਵਸਦੇ ਕਈ ਲੋਕ ਜਿਨ੍ਹਾਂ ਵਿੱਚ ਕਈ ਸਰਕਾਰੀ ਨੇਤਾ ਵੀ ਸ਼ਾਮਿਲ ਹੁੰਦੇ ਹਨ ਭਾਰਤ ਨੂੰ ਸੰਸਕ੍ਰਿਤਿਕ ,ਧਾਰਮਿਕ ਜਾ ਸਭਿਆਚਾਰਕ ਦੇਸ਼ ਕਹਿੰਦੇ ਨਹੀਂ ਥੱਕਦੇ ,ਸੱਤਾਧਾਰੀ ਪਾਰਟੀ ਤਾ ਇਸ ਨੂੰ ਸੁਪਰ-ਪਾਵਰ ਬਣਾਉਣ ਦੇ ਦਿਨ ਰਾਤ ਦਾਅਵੇ ਕਰ ਰਹੀ ਹੈ।ਜਦਕਿ 27 ਜੂਨ 2018 ਦੀ “ਦਾ ਵਸ਼ਿੰਗਟਨ ਪੋਸਟ”ਦੀ ਰਿਪੋਰਟ ਅਨੁਸਾਰ ਭਾਰਤ ਨੂੰ ਪਹਿਲੇ ਦਰਜ਼ੇ  ਦਾ ਔਰਤਾਂ ਲਈ ਇੱਕ ਅਸੁਰੱਖਿਅਤ ਦੇਸ਼ ਗਰਦਾਨਿਆ ਗਿਆ ਸੀ,ਜਿਸ ਦੀ ਚਰਚਾ ਤਾ ਕੁਝ ਅਖਬਾਰਾ ਨੇ ਜਰੂਰ ਛੇੜੀ ਰੱਖੀ ਪਰ ਸਰਕਾਰ ਇਸ ਸਭ ਕਾਸੇ ਤੋਂ ਬੇਖਬਰ ਹੀ ਰਹੀ।

21ਵੀ ਸਦੀ ਵਿੱਚ ਵੀ ਜ਼ਿਆਦਾਤਰ ਲੋਕਾਂ ਵਿੱਚ ਮਰਦ-ਪ੍ਰਧਾਨਤਾ ਵਾਲੀ ਮਾਨਸਿਕਤਾ ਘਰ ਕਰ ਕੇ ਬੈਠੀ ਹੈ।ਭਰੂਣ ਹੱਤਿਆ ਦੇ ਵੀ ਜੋ ਅੰਕੜੇ ਦਿਨੋ-ਦਿਨ ਵੱਧ ਰਹੇ ਨੇ ਉਹ ਵੀ ਇਸ ਮਰਦ-ਪ੍ਰਧਾਨਤਾ ਵਾਲੀ ਸੋਚ ਦੀ ਹੀ ਉਪਜ ਹਨ।ਥੋੜੇ ਦਿਨ ਪਹਿਲਾ ਦੇਸ਼ ਦੀ ਉੱਚ ਅਦਾਲਤ ਨੇ ਫੈਸਲਾ ਲੈਂਦਿਆਂ ਇਹ ਕਾਨੂੰਨ ਤਾ ਲਾਗੂ ਕਰ ਦਿੱਤਾ ਕਿ ਜਾਈਦਾਦ ਵਿੱਚੋ ਵੀ ਵਿਆਹ ਤੋਂ ਬਾਅਦ ਲੜਕੀਆਂ ਵੀ ਮੁੰਡਿਆਂ ਦੇ ਬਰਾਬਰ ਹੱਕ ਰੱਖ ਸਕਣਗੀਆਂ,ਕਾਨੂੰਨ ਤਾ ਭਾਵੇ ਹੀ ਲੜਕੀਆਂ ਦੇ ਪੱਖ ਵਿੱਚ ਹੈ ਪਰ ਕੁਝ ਲੋਕਾਂ ਦੀ ਬੁਰੀ ਮਾਨਸਿਕਤਾ ਕਰਕੇ ਇਸ  ਕਾਨੂੰਨ ਦੇ ਨਤੀਜਿਆਂ ਦਾ ਵੀ ਬੁਰੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਯੂਪੀ ਵਿੱਚ ਜਾ ਭਾਰਤ ਦੇ ਹੋਰ ਰਾਜਾ ਵਿੱਚ ਵੀ ਛੋਟੀਆਂ ਜਾਤਾ ਨਾਲ ਸੰਬੰਧ ਰੱਖਦੀਆਂ ਲੜਕੀਆਂ ਜਾ ਔਰਤਾਂ ਨੂੰ ਇਸ ਤਰ੍ਹਾਂ ਜਾਤ ਦੇ ਅਧਾਰ ਤੇ ਅਕਸਰ ਹੀ ਮਾਨਸਿਕ ਜਾ ਸਰੀਰਕ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈਾ।ਉਨ੍ਹਾਂ ਨੂੰ  ਰੂਹ ਕੰਬਾਉਣ ਵਾਲੇ ਤਸੀਹੇ ਦਿੱਤੇ ਜਾਂਦੇ ਹਨ,ਜ਼ੁਬਾਨ ਖੋਲਣ ਤੇ ਜਾਨ ਤੋਂ ਮਾਰਨ ਦੀਆ ਧਮਕੀਆਂ ਦਿੱਤੀਆਂ ਜਾਂਦੀਆਂ ਹਨ.ਆਰਥਿਕ ਤਾਕਤ ਜਾ ਵਰਣ ਮਾਨਸਿਕਤਾ ਦੇ ਜ਼ੋਰ ਤੇ ਉਨ੍ਹਾਂ ਦੀ ਸੋਚ ਨੂੰ ਕੈਦ ਰੱਖਿਆ ਜਾਂਦਾ ਹੈ। ਜ਼ੋਰ-ਜਬਰਦਸਤੀ ਨਾਲ ਉੱਚ-ਜਾਤੀਆਂ ਵੱਲੋਂ ਮਜਦੂਰੀ ਵੀ ਕਰਵਾਈ ਜਾਂਦੀ ਹੈ।ਅਫਸੋਸ ਦੀ ਗੱਲ ਇਹ ਵੀ ਹੈ ਕਿ ਆਪਣੀ ਕਾਰਗੁਜ਼ਾਰੀ ਕਾਰਨ ਪਹਿਲਾ ਹੀ ਹਾਸ਼ੀਏ ਤੇ ਗਏ ਭਾਰਤੀ ਮੀਡੀਆ ਵੱਲੋਂ ਇਸ ਤਰ੍ਹਾਂ ਦੀਆ ਖਬਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ,ਪਰ ਕਈ ਵਾਰ ਕੋਈ ਵਿਰਲਾ-ਵਾਂਝਾ ਕੇਸ ਸੋਸ਼ਲ ਮੀਡੀਆ ਜਾ ਕਿਸੇ ਹੋਰ ਮਾਧਿਅਮ ਦੇ ਰਸਤੇ ਲੋਕਾਂ ਤੱਕ ਪਹੁੰਚਦਾ ਹੈ।

ਜੇਕਰ ਭਾਰਤ-ਵਾਸੀ ਬਾਕੀ ਮੁੱਦਿਆਂ ਵਾਂਗ ਇਸ ਮੁੱਦੇ ਉੱਤੇ ਵੀ ਚੁੱਪ ਰਹੇ ਤਾ ਤੈਅ ਹੈ ਕਿ ਇਸ ਤਰ੍ਹਾਂ ਦੀਆ ਦਰਦਨਾਕ ਘਟਨਾਵਾਂ ਭਵਿੱਖ ਵਿੱਚ ਵੀ ਹੁੰਦੀਆਂ ਰਹਿਣਗੀਆਂ।ਸਰਕਾਰ ਨੂੰ ਵੀ ਸੀਮਾ ਪਾਰ ਤੋਂ ਸੁਰੱਖਿਆ ਦੇ ਨਾਲ-ਨਾਲ ਦੇਸ਼ ਵਿੱਚ ਰਹਿੰਦੇ ਵਾਸੀਆਂ ਲਈ ਸੁਰੱਖਿਆ ਵਧਾਉਣੀ ਚਾਹੀਦੀ ਹੈ। ਇੱਕਲੀ ਸਰਕਾਰ ਹੀ ਨਹੀਂ ਸਾਨੂੰ ਵੀ ਇਸ ਪਾਸੇ ਵੱਲ ਕਦਮ ਵਧਾਉਣੇ ਪੈਣਗੇ।ਔਰਤਾਂ ਪ੍ਰਤੀ ਮਾਨਸਿਕਤਾ ਨੂੰ ਬਦਲਣ ਲਈ ਸਾਡੀਆਂ ਕੋਸ਼ਿਸ਼ਾਂ ਲਾਜ਼ਮੀ ਹੈ ਕਿ ਹੁਣ ਤੋਂ ਹੀ ਸਰਗਰਮ ਹੋਣੀਆਂ ਚਾਹੀਦੀਆਂ ਹਨ।

ਭਾਰਤ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਤਾ ਭਾਵੇ 1947 ਦੀ ਲਈ ਹੋਈ ਹੈ ਪਰ ਸਾਡਾ ਦੇਸ਼ ਅੱਜ ਵੀ ਇਸ ਤਰਾਂ ਦੀ ਮਾਨਸਿਕਤਾ ਦਾ ਗੁਲਾਮ ਹੈ,ਜਿਸ ਨਾਲ ਕਿ ਸਾਡੀ ਆਰਥਿਕ,ਵਿਗਿਆਨਿਕ ਜਾ ਕਿਸੇ ਤਰਾਂ ਦੀ ਕੋਈ ਵੀ ਤਰੱਕੀ ਉੱਪਰ ਕਿਸੇ ਦੇ ਕੀ ਸਾਡੇ ਮਨਾ ਵਿੱਚ ਵੀ ਸ਼ੰਕੇ ਉਪਜਦੇ ਹਨ।

(ਲੇਖਕ ਨਾਲ 95306-01538 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।)