ਦਿੱਲੀ। ਅਰਵਿੰਦ ਕੇਜਰੀਵਾਲ ਦੇ ਸਿਆਸੀ ਗੁਰੂ ਕਹੇ ਜਾਣ ਵਾਲੇ ਅੰਨਾ ਹਜ਼ਾਰੇ ਨੇ ਉਨ੍ਹਾਂ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਅੰਨਾ ਹਜ਼ਾਰੇ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ‘ਸਵਰਾਜ’ ਕਿਤਾਬ ਵਿੱਚ ਬਹੁਤ ਗੱਲਾਂ ਕੀਤੀਆਂ ਹਨ, ਪਰ ਇਸ ਦਾ ਉਨ੍ਹਾਂ ਦੇ ਆਚਰਣ ’ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਅੰਨਾ ਹਜ਼ਾਰੇ ਨੇ ਆਪਣੀ ਚਿੱਠੀ ‘ਚ ਅਰਵਿੰਦ ਕੇਜਰੀਵਾਲ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ, ‘ਤੁਹਾਡੇ ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ ਤੁਹਾਨੂੰ ਪਹਿਲੀ ਵਾਰ ਲਿਖ ਰਿਹਾ ਹਾਂ। ਪਿਛਲੇ ਕਈ ਦਿਨਾਂ ਤੋਂ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਬਾਰੇ ਜੋ ਖ਼ਬਰਾਂ ਆ ਰਹੀਆਂ ਹਨ, ਉਹ ਪੜ੍ਹ ਕੇ ਦੁੱਖ ਹੋਇਆ।

ਅੰਨਾ ਹਜ਼ਾਰੇ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ‘ਗਾਓਂ ਕੀ ਓਰ ਚਲੋ’ ਦੇ ਵਿਚਾਰ ਤੋਂ ਪ੍ਰੇਰਿਤ ਹੋ ਕੇ ਮੈਂ ਆਪਣਾ ਜੀਵਨ ਪਿੰਡ, ਸਮਾਜ ਅਤੇ ਦੇਸ਼ ਲਈ ਸਮਰਪਿਤ ਕੀਤਾ ਹੈ। ਪਿਛਲੇ 47 ਸਾਲਾਂ ਤੋਂ ਮੈਂ ਪਿੰਡਾਂ ਦੇ ਵਿਕਾਸ ਲਈ ਕੰਮ ਕਰ ਰਿਹਾ ਹਾਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਕਰ ਰਿਹਾ ਹਾਂ। ਅਰਵਿੰਦ ਕੇਜਰੀਵਾਲ ਨੂੰ ਪੁਰਾਣੇ ਦਿਨਾਂ ਦੀ ਯਾਦ ਦਿਵਾਉਂਦੇ ਹੋਏ ਅੰਨਾ ਹਜ਼ਾਰੇ ਨੇ ਕਿਹਾ ਕਿ ਤੁਸੀਂ ਸਾਡੇ ਪਿੰਡ ਰਾਲੇਗਣ ਸਿੱਧੀ ਆ ਚੁੱਕੇ ਹੋ। ਇੱਥੇ ਤੁਸੀਂ ਸ਼ਰਾਬ, ਬੀੜੀਆਂ, ਸਿਗਰਟਾਂ ਆਦਿ ‘ਤੇ ਪਾਬੰਦੀ ਦੀ ਸ਼ਲਾਘਾ ਕੀਤੀ ਸੀ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਤੁਸੀਂ ‘ਸਵਰਾਜ’ ਨਾਂ ਦੀ ਕਿਤਾਬ ਲਿਖੀ ਸੀ। ਇਸ ਕਿਤਾਬ ਵਿੱਚ ਤੁਸੀਂ ਗ੍ਰਾਮ ਸਭਾ, ਸ਼ਰਾਬ ਨੀਤੀ ਬਾਰੇ ਵੱਡੀਆਂ ਗੱਲਾਂ ਲਿਖੀਆਂ ਸਨ। ਉਦੋਂ ਤੁਹਾਡੇ ਤੋਂ ਬਹੁਤ ਉਮੀਦਾਂ ਸਨ, ਪਰ ਸਿਆਸਤ ‘ਚ ਜਾਣ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਤੁਸੀਂ ਆਦਰਸ਼ ਵਿਚਾਰਧਾਰਾ ਨੂੰ ਭੁੱਲ ਗਏ ਹੋ।

ਉਨ੍ਹਾਂ ਲਿਖਿਆ ਕਿ ਤੁਹਾਡੀ ਸਰਕਾਰ ਨੇ ਦਿੱਲੀ ਵਿੱਚ ਇੱਕ ਨਵੀਂ ਸ਼ਰਾਬ ਨੀਤੀ ਬਣਾਈ ਹੈ, ਜਿਸ ਤੋਂ ਲੱਗਦਾ ਹੈ ਕਿ ਇਹ ਸ਼ਰਾਬ ਦੀ ਵਿਕਰੀ ਅਤੇ ਖਪਤ ਨੂੰ ਉਤਸ਼ਾਹਿਤ ਕਰ ਸਕਦੀ ਹੈ। ਗਲੀ-ਮੁਹੱਲੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਹਨ। ਇਸ ਨਾਲ ਭ੍ਰਿਸ਼ਟਾਚਾਰ ਨੂੰ ਵੀ ਹੱਲਾਸ਼ੇਰੀ ਮਿਲੇਗੀ ਅਤੇ ਇਹ ਜਨਤਾ ਦੇ ਹਿੱਤ ਵਿੱਚ ਨਹੀਂ ਹੈ।ਇਸ ਤੋਂ ਬਾਅਦ ਵੀ ਤੁਸੀਂ ਸ਼ਰਾਬ ਦੀ ਅਜਿਹੀ ਨੀਤੀ ਲੈ ਕੇ ਆਏ ਹੋ। ਇਸ ਤੋਂ ਇਹ ਜਾਪਦਾ ਹੈ ਕਿ ਜਿਵੇਂ ਸ਼ਰਾਬ ਦਾ ਨਸ਼ਾ ਹੈ, ਉਸੇ ਤਰ੍ਹਾਂ ਤੁਹਾਨੂੰ ਸੱਤਾ ਦਾ ਨਸ਼ਾ ਹੈ। ਤੁਸੀਂ ਵੀ ਅਜਿਹੀ ਤਾਕਤ ਦੇ ਨਸ਼ੇ ਵਿੱਚ ਡੁੱਬ ਗਏ ਲੱਗਦੇ ਹੋ, ਅਜਿਹਾ ਜਾਪ ਰਿਹਾ ਹੈ। ਅੰਨਾ ਹਜ਼ਾਰੇ ਨੇ ਆਪਣੀ ਚਿੱਠੀ ਵਿੱਚ ਪੁਰਾਣੇ ਅੰਦੋਲਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਤੁਸੀਂ ਆਪਣਾ ਰਾਹ ਭੁੱਲ ਗਏ ਹੋ।

ਅੰਨਾ ਹਜ਼ਾਰੇ ਨੇ ਲਿਖਿਆ, ’10 ਸਾਲ ਪਹਿਲਾਂ 18 ਸਤੰਬਰ 2012 ਨੂੰ ਦਿੱਲੀ ‘ਚ ਟੀਮ ਅੰਨਾ ਦੇ ਮੈਂਬਰਾਂ ਦੀ ਮੀਟਿੰਗ ਹੋਈ ਸੀ। ਉਸ ਵੇਲੇ ਤੁਸੀਂ ਸਿਆਸੀ ਰਾਹ ਅਪਣਾਉਣ ਦੀ ਗੱਲ ਕੀਤੀ ਸੀ। ਪਰ ਤੁਸੀਂ ਇਹ ਭੁੱਲ ਗਏ ਕਿ ਸਿਆਸੀ ਪਾਰਟੀ ਬਣਾਉਣਾ ਸਾਡੀ ਲਹਿਰ ਦਾ ਉਦੇਸ਼ ਨਹੀਂ ਸੀ। ਉਸ ਵੇਲੇ ਜਨਤਾ ਦਾ ਟੀਮ ਅੰਨਾ ਵਿੱਚ ਵਿਸ਼ਵਾਸ ਸੀ ਅਤੇ ਮੈਂ ਸੋਚਦਾ ਸੀ ਕਿ ਸਾਨੂੰ ਲੋਕ ਸਿੱਖਿਆ ਅਤੇ ਜਨ ਚੇਤਨਾ ਦਾ ਕੰਮ ਕਰਨਾ ਚਾਹੀਦਾ ਹੈ।