ਚੰਡੀਗੜ੍ਹ, 7 ਜਨਵਰੀ | ਮੋਹਾਲੀ ਦੇ ਸੈਕਟਰ-80 ਦੇ ਪਿੰਡ ਮੌਲੀ ‘ਚ ਬਣ ਰਹੀ 6 ਮੰਜ਼ਿਲਾ ਇਮਾਰਤ ਤੋਂ ਡਿੱਗੀ ਲੋਹੇ ਦੀ ਗਰਿੱਲ ਨਾਲ ਆਪਣੇ ਦੋਸਤਾਂ ਨਾਲ ਲੰਘ ਰਿਹਾ 12 ਸਾਲਾ ਬੱਚਾ ਜ਼ਖਮੀ ਹੋ ਗਿਆ। ਗਰਿੱਲ ਬੱਚੇ ‘ਤੇ ਡਿੱਗ ਗਈ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਸ਼ੀਸ਼ ਵਜੋਂ ਹੋਈ ਹੈ। ਫਿਲਹਾਲ ਥਾਣਾ ਸੋਹਾਣਾ ਦੀ ਪੁਲਿਸ ਨੇ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਆਸ਼ੀਸ਼ ਦੇ ਪਿਤਾ ਪੰਕਜ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸਵੇਰੇ ਵਾਪਰੀ। ਉਸ ਦੇ ਪੁੱਤਰ ਦੇ ਦੋਸਤਾਂ ਨੇ ਉਸ ਨੂੰ ਦੱਸਿਆ ਕਿ ਆਸ਼ੀਸ਼ ‘ਤੇ ਲੋਹੇ ਦੀ ਗਰਿੱਲ ਡਿੱਗ ਗਈ ਹੈ। ਜਦੋਂ ਅਸੀਂ ਮੌਕੇ ‘ਤੇ ਗਏ ਤਾਂ ਉਹ ਉੱਥੇ ਤੜਫ ਰਿਹਾ ਸੀ। ਜਦੋਂ ਕਿ ਇਮਾਰਤ ਦੇ ਠੇਕੇਦਾਰ ਅਤੇ ਮਜ਼ਦੂਰ ਤਮਾਸ਼ਾ ਦੇਖਦੇ ਰਹੇ। ਨੇੜਲੇ ਗੁਰਦੁਆਰਾ ਸਾਹਿਬ ਤੋਂ ਇੱਕ ਸਿੱਖ ਵਿਅਕਤੀ ਉਸ ਨੂੰ ਆਪਣੀ ਕਾਰ ਵਿਚ ਹਸਪਤਾਲ ਲੈ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਆਸ਼ੀਸ਼ ਦੇ ਚਾਚਾ ਸੂਰਜ ਨੇ ਹਾਦਸੇ ਵਾਲੀ ਥਾਂ ਬਾਰੇ ਦੱਸਿਆ ਕਿ ਉਸ ਦਾ ਪਰਿਵਾਰ ਉਥੋਂ ਥੋੜ੍ਹੀ ਦੂਰੀ ‘ਤੇ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਉਸ ਵੱਲੋਂ ਛੱਤ ’ਤੇ ਗਰਿੱਲ ਚੜ੍ਹਾਈ ਗਈ ਸੀ। ਮਕੈਨਿਕ ਉਸ ਗਰਿੱਲ ਨੂੰ ਫਿੱਟ ਕਰ ਰਿਹਾ ਸੀ ਤਾਂ ਲਾਪਰਵਾਹੀ ਨਾਲ ਹੇਠਾਂ ਡਿੱਗ ਗਈ। ਠੇਕੇਦਾਰ ਨੇ ਨਾ ਤਾਂ ਕੋਈ ਜਾਲ ਵਿਛਾਇਆ ਸੀ ਅਤੇ ਨਾ ਹੀ ਸੜਕ ਨੂੰ ਬੰਦ ਕੀਤਾ ਹੋਇਆ ਸੀ।