ਜਲੰਧਰ/ਲੁਧਿਆਣਾ/ਫਿਲੌਰ। ਲੜਕੀ ਵਾਲਿਆਂ ਨੇ ਲਾੜੇ ਤੇ ਪਰਿਵਾਰ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਤਾਂ ਲਾੜੇ ਨੇ ਮੰਡਪ ਵਿਚ ਹੀ ਸਿਹਰਾ ਲਾਹ ਕੇ ਸੁੱਟ ਦਿੱਤਾ ਤੇ ਲਾੜੀ ਨੂੰ ਮੰਡਪ ਵਿਚ ਹੀ ਛੱਡ ਕੇ ਪਟਿਆਲਾ ਵਾਪਸ ਚਲਾ ਗਿਆ। ਲੜਕੀ ਦੇ ਮਾਤਾ-ਪਿਤਾ ਨੇ ਲਾੜੇ ਤੇ ਉਸਦੇ ਪਰਿਵਾਰ ਖਿਲਾਫ ਦਾਜ ਲਈ ਤੰਗ-ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ।
ਮੁਹੱਲਾ ਉੱਚੀ ਘਾਟੀ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨੇ ਮੰਗਲਵਾਰ ਨੂੰ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀਆਂ 4 ਬੇਟੀਆਂ ਹਨ ਤੇ ਸਭ ਤੋਂ ਛੋਟਾ 14 ਸਾਲਾਂ ਦਾ ਬੇਟਾ ਹੈ। ਪਰਿਵਾਰ ਦੇ ਪਾਲਣ ਪੋਸ਼ਣ ਲਈ ਉਹ ਹਿਮਾਚਲ ਵਿਚ ਕਬਾੜ ਦਾ ਕੰਮ ਕਰਦਾ ਹੈ। ਵੱਡੀ ਬੇਟੀ ਦਾ ਵਿਆਹ ਹੋ ਚੁੱਕਾ ਹੈ ਤੇ ਦੂਜੀ ਬੇਟੀ ਦਾ ਵਿਆਹ ਪਟਿਆਲਾ ਦੇ ਨੌਜਵਾਨ ਨਾਲ ਤੈਅ ਹੋਇਆ ਸੀ।
ਲਾੜਾ ਪੱਖ ਨੇ ਕਿਹਾ ਸੀ ਕਿ ਬਾਰਾਤ ਦੀ ਖਾਤਿਰਦਾਰੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ। ਇਸ ਲਈ ਉਸ ਨੇ ਇਕ ਵੱਡੇ ਕਲੱਬ ਵਿਚ ਲੜਕੀ ਦੇ ਵਿਆਹ ਦਾ ਇੰਤਜ਼ਾਮ ਕੀਤਾ ਸੀ। ਜਿਸ ਉਤੇ ਉਸਦਾ 6 ਲੱਖ ਰੁਪਏ ਖਰਚਾ ਹੋਇਆ। 3 ਲੱਖ ਰੁਪਏ ਉਸਨੇ ਵਿਆਜ ਉਤੇ ਲਏ ਤੇ 3 ਲੱਖ ਰੁਪਏ ਦੀ ਉਸਨੇ ਇਕ ਕਮੇਟੀ ਚੁੱਕੀ। ਪਟਿਆਲਾ ਤੋਂ ਸਵੇਰੇ 10 ਵਜੇ ਬਾਰਾਤ ਨੇ ਆਉਣਾ ਸੀ। ਵਾਰ-ਵਾਰ ਫੋਨ ਕਰਨ ਉਤੇ ਬਾਰਾਤ ਸ਼ਾਮ ਨੂੰ 5 ਵਜੇ ਪਹੁੰਚੀ। ਲੜਕਾ ਪੱਖ ਨੇ ਕੁਲ 26 ਮਿਲਣੀਆਂ ਕਰਵਾਈਆਂ। ਬਾਰਾਤ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਗਈ। ਖਾਣਾ ਖਾਣ ਤੋਂ ਬਾਅਦ ਲੜਕੇ ਦੇ ਮਾਤਾ-ਪਿਤਾ ਨੇ ਕਿਹਾ ਕਿ ਜੇਕਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਤੁਹਾਡੀ ਬੇਟੀ ਨੂੰ ਵਿਆਹ ਕੇ ਲੈ ਕੇ ਜਾਵੇ ਤਾਂ ਹੁਣੇ ਇਸੇ ਸਮੇਂ 5 ਸੋਨੇ ਦੀਆਂ ਅੰਗੂਠੀਆਂ ਦਾ ਪ੍ਰਬੰਧ ਕਰਨ।
ਲੜਕੀ ਦੇ ਪਿਓ ਨੇ ਕਿਹਾ ਕਿ ਉਸਦਾ ਪਹਿਲਾਂ ਹੀ ਕਾਫੀ ਖਰਚਾ ਹੋ ਗਿਆ ਹੈ, ਹੁਣ ਉਹ ਸੋਨੇ ਦੀਆਂ ਅੰਗੂਠੀਆਂ ਦਾ ਪ੍ਰਬੰਧ ਨਹੀਂ ਕਰ ਸਕਦਾ। ਇਹ ਸੁਣ ਕੇ ਲਾੜੇ ਨੇ ਮੰਡਪ ਵਿਚ ਹੀ ਸਿਹਰਾ ਲਾਹ ਕੇ ਪਰ੍ਹਾਂ ਸੁੱਟ ਦਿੱਤਾ ਤੇ ਕਿਹਾ ਕਿ ਜੇਕਰ ਉਸਦੇ ਮਾਤਾ-ਪਿਤਾ ਦੀ ਇੱਛਾ ਪੂਰੀ ਨਹੀਂ ਕਰ ਸਕਦੇ ਤਾਂ ਉਹ ਇਹ ਵਿਆਹ ਨਹੀਂ ਕਰੇਗਾ। ਵਿਆਹ ਵਿਚ ਆਏ ਲੋਕਾਂ ਨੇ ਉਸਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ ਤੇ ਅਖੀਰ ਵਿਚ ਉਹ ਬਿਨਾਂ ਲਾੜੀ ਦੇ ਹੀ ਵਾਪਸ ਮੁੜ ਗਿਆ।
ਲਾੜੀ ਬੇਹੋਸ਼ ਹੋ ਕੇ ਮੰਡਪ ਵਿਚ ਡਿਗੀ
ਲਾੜੀ ਇਸ ਗੱਲ ਨੂੰ ਸੁਣਦਿਆਂ ਹੀ ਬੇਹੋਸ਼ ਹੋ ਕੇ ਡਿਗ ਪਈ। ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਲੜਕੀ ਪੱਖ ਦਾ ਇਹ ਵੀ ਕਹਿਣਾ ਹੈ ਕਿ ਲੜਕੇ ਵਾਲੇ ਹੁਣ ਉਨ੍ਹਾਂ ਨੂੰ ਫੋਨ ਕਰਕੇ ਧਮਕੀਆਂ ਦੇ ਰਹੇ ਹਨ ਕਿ ਜੇਕਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਕੀਤੀ ਤਾਂ ਅੰਜਾਮ ਠੀਕ ਨਹੀਂ ਹੋਵੇਗਾ। ਲੜਕੀ ਵਾਲਿਆਂ ਨੇ ਜਲੰਧਰ ਐਸਐਸਪੀ ਦਫਤਰ ਆ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।