ਤਰਨਤਾਰਨ, 17 ਅਪ੍ਰੈਲ | ਪਿੰਡ ਸਭਰਾ ਵਿੱਚ ਬੀਤੀ ਰਾਤ ਇੱਕ ਦੁਖਦਾਈ ਘਟਨਾ ਵਾਪਰੀ, ਜਿਸ ਵਿੱਚ 24 ਸਾਲਾ ਨੌਜਵਾਨ ਹਰਬਖਸ਼ ਸਿੰਘ ਦੀ ਬਿਜਲੀ ਦੀ ਤਾਰ ਨਾਲ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਬੀਤੀ ਰਾਤ ਆਈ ਤੂਫਾਨੀ ਹਨ੍ਹੇਰੀ ਕਾਰਨ ਬਿਜਲੀ ਦੀ ਤਾਰ ਟੁੱਟ ਕੇ ਖੇਤ ਵਿੱਚ ਡਿੱਗ ਗਈ ਸੀ। ਕਣਕ ਦੀ ਫਸਲ ਨੂੰ ਅੱਗ ਲੱਗਣ ਦੇ ਖਤਰੇ ਨੂੰ ਵੇਖਦਿਆਂ ਹਰਬਖਸ਼ ਸਿੰਘ ਖੇਤ ਵਿੱਚ ਪੁੱਜਾ, ਪਰ ਅਚਾਨਕ ਉਸ ਦਾ ਪੈਰ ਨੰਗੀ ਬਿਜਲੀ ਦੀ ਤਾਰ ਨਾਲ ਛੂਹ ਗਿਆ, ਜਿਸ ਕਾਰਨ ਉਸ ਨੂੰ ਭਾਰੀ ਕਰੰਟ ਲੱਗਾ ਅਤੇ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਮ੍ਰਿਤਕ ਦੇ ਪਰਿਵਾਰ ਨੇ ਇਸ ਘਟਨਾ ਲਈ ਬਿਜਲੀ ਵਿਭਾਗ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ। ਮ੍ਰਿਤਕ ਦੇ ਪਿਤਾ ਦਿਲਬਾਗ ਸਿੰਘ ਨੇ ਕਿਹਾ, “ਬਿਜਲੀ ਵਿਭਾਗ ਨੇ ਸਮੇਂ ਸਿਰ ਤਾਰਾਂ ਦੀ ਮੁਰੰਮਤ ਨਹੀਂ ਕੀਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।” ਪਿੰਡ ਵਾਸੀਆਂ ਗੁਰਵਿੰਦਰ ਸਿੰਘ, ਗੁਰਦੇਵ ਸਿੰਘ ਅਤੇ ਹੋਰਨਾਂ ਨੇ ਵੀ ਵਿਭਾਗ ਦੀ ਅਣਗਹਿਲੀ ‘ਤੇ ਸਵਾਲ ਉਠਾਏ।

ਦੂਜੇ ਪਾਸੇ, ਮੌਕੇ ‘ਤੇ ਪੁੱਜੇ ਬਿਜਲੀ ਵਿਭਾਗ ਦੇ ਮੁਲਾਜ਼ਮ ਨੇ ਦੱਸਿਆ ਕਿ ਰਾਤ ਨੂੰ ਹਨ੍ਹੇਰੀ ਕਾਰਨ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਸੀ। ਟਰਾਂਸਫਾਰਮਰ ਦੀ ਜਾਂਚ ਲਈ ਬਿਜਲੀ ਮੁੜ ਚਾਲੂ ਕੀਤੀ ਗਈ, ਪਰ ਅਚਾਨਕ ਤਾਰ ਟੁੱਟਣ ਕਾਰਨ ਇਹ ਦੁਰਘਟਨਾ ਵਾਪਰ ਗਈ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦੀ ਮੰਗ ਕਰਦਿਆਂ ਵਿਭਾਗ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।