ਜਲੰਧਰ, 15 ਜਨਵਰੀ | ਜ਼ਿਲੇ ‘ਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦੀ ਦੁਕਾਨ ਤੋਂ ਚੋਰੀ ਦੇ ਮਾਮਲੇ ‘ਚ ਪੁਲਿਸ ਨੇ ਕਾਂਗਰਸ ਦੇ ਨਕੋਦਰ ਬਲਾਕ ਪ੍ਰਧਾਨ ਅਤੇ ‘ਆਪ’ ਦੇ ਬਲਾਕ ਪ੍ਰਧਾਨ ਸਮੇਤ 9 ਲੋਕਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ। ਇਹ ਮਾਮਲਾ ਨਕੋਦਰ ਸਦਰ ਥਾਣੇ ਦੀ ਪੁਲਿਸ ਨੇ ਦਰਜ ਕੀਤਾ ਹੈ। ਦੋਸ਼ ਹੈ ਕਿ 9 ਮੁਲਜ਼ਮਾਂ ਨੇ ਮਿਲ ਕੇ ਦੁਕਾਨ ਦੇ ਅੰਦਰੋਂ ਨਕਦੀ ਅਤੇ ਸੀਸੀਟੀਵੀ ਡੀਵੀਆਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ।
ਥਾਣਾ ਸਦਰ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੁਲਦੀਪ ਸਿੰਘ ਵਾਸੀ ਪਿੰਡ ਰਹੀਮਪੁਰ ਜ਼ਿਲਾ ਨਕੋਦਰ ਨੇ ਦੱਸਿਆ ਕਿ ਉਹ ਮੌਜੂਦਾ ਸਰਪੰਚ ਵਜੋਂ ਸੇਵਾ ਨਿਭਾਅ ਰਿਹਾ ਹੈ। ਨਾਲ ਹੀ ਉਹ ਪਿਛਲੇ 20 ਸਾਲਾਂ ਤੋਂ ਆਪਣੇ ਪਿੰਡ ਉੱਗੀ ਨੇੜੇ ਵੈਲਡਿੰਗ ਦਾ ਕੰਮ ਕਰ ਰਿਹਾ ਹੈ। ਜਿੱਥੇ 12 ਜਨਵਰੀ ਨੂੰ ਚੋਰੀ ਦੀ ਘਟਨਾ ਵਾਪਰੀ ਸੀ। ਘਟਨਾ ਦੇ ਸਮੇਂ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਉਕਤ ਦੁਕਾਨ ਵਕਫ਼ ਬੋਰਡ ਦੇ ਅਧੀਨ ਆਉਂਦੀ ਹੈ।
ਕੁਲਦੀਪ ਨੇ ਦੱਸਿਆ ਕਿ ਉਸ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਵਿਅਕਤੀ ਤਰਲੋਚਨ ਸਿੰਘ ਉਰਫ ਤੋਚੀ ਵਾਸੀ ਰਸੂਲਪੁਰ ਕਲਾਂ, ਜਵਾਹਰ ਸਿੰਘ, ਗੁਰਦੀਪ ਸਿੰਘ ਉਰਫ ਦੀਪਾ, ਕ੍ਰਿਸ਼ਨ ਲਾਲ ਬਠਲਾ, ਪਰਮਿੰਦਰ, ਗੁਰਪ੍ਰੀਤ, ਰਾਕੇਸ਼ ਕੁਮਾਰ ਉਰਫ ਕੇਸ਼ਾ, ਪ੍ਰਦੀਪ ਸਿੰਘ, ਸੁਰਿੰਦਰ ਬਠਲਾ ਵਾਸੀ ਪਿੰਡ ਉੱਗੀ ਅਤੇ ਅਣਪਛਾਤੇ ਹੋਰਾਂ ਨੇ ਉਸ ਦੀ ਦੁਕਾਨ ‘ਤੇ ਚੋਰੀ ਕੀਤੀ। ਮੁਲਜ਼ਮ ਚੋਰੀ ਕਰਨ ਲਈ ਕਰੇਨ ਲੈ ਕੇ ਆਏ ਸਨ, ਜਿਨ੍ਹਾਂ ਨੇ ਦੁਕਾਨ ਵਿਚੋਂ ਨਕਦੀ ਅਤੇ ਡੀਵੀਆਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ।
ਚੋਰੀ ਤੋਂ ਬਾਅਦ ਉਸ ਨੂੰ ਫੋਨ ਕਰ ਕੇ ਦੱਸਿਆ ਗਿਆ ਕਿ ਉਸ ਦੀ ਦੁਕਾਨ ‘ਤੇ ਚੋਰੀ ਹੋਈ ਹੈ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਪਹੁੰਚੇ, ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਥਾਣਾ ਨਕੋਦਰ ਸਦਰ ਦੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਵਿਚ ਨਾਮਜ਼ਦ ਤਰਲੋਚਨ ਸਿੰਘ ਉਰਫ਼ ਤੋਚੀ ਨਕੋਦਰ ਬਲਾਕ ਕਾਂਗਰਸ ਦਿਹਾਤੀ ਦਾ ਪ੍ਰਧਾਨ ਹੈ, ਨਾਲ ਹੀ ਸੁਰਿੰਦਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਨ।