ਮੁੰਬਈ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਉਖਲਦ ਪਿੰਡ ‘ਚ ਸਿੱਖ ਭਾਈਚਾਰੇ ਦੇ 3 ਬੱਚਿਆਂ ਨਾਲ ਮੌਬ ਲਿੰਚਿੰਗ ਦੀ ਘਟਨਾ ਸਾਹਮਣੇ ਆਈ ਹੈ। ਇਥੇ ਭੀੜ ਨੇ 3 ਸਿੱਖ ਬੱਚਿਆਂ ਨੂੰ ਬੱਕਰੀ ਚੋਰ ਸਮਝ ਕੇ ਬੁਰੀ ਤਰ੍ਹਾਂ ਕੁੱਟਿਆ। ਇਨ੍ਹਾਂ ‘ਚੋਂ ਇਕ 14 ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ ਪੁਲਿਸ ਨੇ 2 ਨੂੰ ਬਚਾਅ ਕੇ ਹਸਪਤਾਲ ‘ਚ ਦਾਖਲ ਕਰਵਾਇਆ।

ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲੇ ‘ਚ ਕੁੱਲ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਇਸ ਘਟਨਾ ‘ਚ ਸ਼ਾਮਲ ਮੁੱਖ ਦੋਸ਼ੀ ਗ੍ਰਾਮ ਪੰਚਾਇਤ ਦੇ ਸਾਬਕਾ ਸਰਪੰਚ ਅਕਰਮ ਪਟੇਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ, 27 ਮਈ ਨੂੰ ਮਹਾਰਾਸ਼ਟਰ ਦੇ ਪਰਭਣੀ ‘ਚ 3 ਸਿੱਖ ਬੱਚਿਆਂ ਨੂੰ ਲੋਕਾਂ ਨੇ ਬੱਕਰੀ ਚੋਰ ਸਮਝ ਕੇ ਕੁੱਟ ਦਿੱਤਾ ਸੀ, ਜਿਨ੍ਹਾਂ ਵਿਚ ਇਕ ਸਿੱਖ ਬੱਚੇ ਦੀ ਮੌਤ ਹੋ ਗਈ।

ਇਹ ਘਿਨੌਣਾ ਅਪਰਾਧ ਮਨੁੱਖਤਾ ਦੇ ਨਾਂ ’ਤੇ ਧੱਬਾ ਹੈ, ਜਿਸ ਦੇ ਦੋਸ਼ੀ ਸਖ਼ਤ ਸਜ਼ਾ ਦੇ ਹੱਕਦਾਰ ਹਨ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਹਾਰਾਸ਼ਟਰ ਵਿਚ ਤਿੰਨ ਸਿੱਖ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ’ਤੇ ਰੋਸ ਪ੍ਰਗਟ ਕੀਤਾ ਹੈ। ਅਕਾਲੀ ਆਗੂ ਨੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲਣੀ ਯਕੀਨੀ ਬਣਾਈ ਜਾਵੇ।

ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਉਖਲਦ ਪਿੰਡ ਵਿਚ ਭੀੜ ਵੱਲੋਂ 3 ਨੌਜਵਾਨ ਸਿੱਖਾਂ ਦੀ ਕੁਟਮਾਰ ਦੀ ਸਖ਼ਤ ਨਿੰਦਾ ਕੀਤੀ। ਧਾਮੀ ਨੇ ਕਿਹਾ ਕਿ ਜਾਣਕਾਰੀ ਅਨੁਸਾਰ ਇਸ ਘਟਨਾ ਵਿਚ ਕਿਰਪਾਲ ਸਿੰਘ ਨਾਮੀ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਜਦਕਿ 2 ਹੋਰ ਸਿੱਖ ਨੌਜਵਾਨ ਅਵਤਾਰ ਸਿੰਘ ਤੇ ਅਰੁਣ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ। ਇਸ ਘਟਨਾ ਨੇ ਸਿੱਖ ਮਾਨਸਿਕਤਾ ਨੂੰ ਗਹਿਰੀ ਸੱਟ ਮਾਰੀ ਹੈ ਅਤੇ ਪੂਰੇ ਸਿੱਖ ਜਗਤ ਅੰਦਰ ਰੋਸ ਦੀ ਲਹਿਰ ਹੈ।