ਨੈਸ਼ਨਸ ਡੈਸਕ, 7 ਜਨਵਰੀ | ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 11 ਸਾਲ ਦੇ ਸ਼ਾਸਨ ਤੋਂ ਬਾਅਦ 6 ਜਨਵਰੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਟਰੂਡੋ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ’ਚ ਅਪਣੇ ਅਸਤੀਫ਼ੇ ਦਾ ਐਲਾਨ ਕੀਤਾ। ਟਰੂਡੋ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਭਾਲ ਵੀ ਤੇਜ਼ ਹੋ ਗਈ ਹੈ।

ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਦੀ ਦੌੜ ਵਿਚ ਅਨੀਤਾ ਆਨੰਦ, ਜਾਰਜ ਚਹਿਲ, ਪਿਅਰੇ ਪੌਲੀਵਰੇ, ਕ੍ਰਿਸਟੀਆ ਫਰੀਲੈਂਡ ਅਤੇ ਮਾਰਕ ਕਾਰਨੇ ਵਰਗੇ ਪ੍ਰਮੁੱਖ ਨਾਂ ਉੱਭਰ ਰਹੇ ਹਨ। ਇਨ੍ਹਾਂ ਸਾਰਿਆਂ ਵਿਚ ਸਭ ਤੋਂ ਮਜ਼ਬੂਤ ਦਾਅਵੇਦਾਰ ਭਾਰਤੀ ਅਨੀਤਾ ਆਨੰਦ ਨੂੰ ਮੰਨਿਆ ਜਾ ਰਿਹਾ ਹੈ। ਅਨੀਤਾ ਆਨੰਦ ਤੋਂ ਇਲਾਵਾ ਭਾਰਤੀ ਮੂਲ ਦਾ ਇਕ ਹੋਰ ਜਾਰਜ ਚਾਹਲ ਵੀ ਦੌੜ ਵਿਚ ਸ਼ਾਮਲ ਹੈ।

ਭਾਰਤੀ ਮੂਲ ਦੀ ਨੇਤਾ ਅਨੀਤਾ ਆਨੰਦ ਨੂੰ ਉਸ ਦੇ ਪ੍ਰਭਾਵਸ਼ਾਲੀ ਸ਼ਾਸਨ ਅਤੇ ਜਨਤਕ ਸੇਵਾ ਦੇ ਚੰਗੇ ਰਿਕਾਰਡ ਕਾਰਨ ਸਭ ਤੋਂ ਮਜ਼ਬੂਤ ਦਾਅਵੇਦਾਰਾਂ ’ਚੋਂ ਇਕ ਮੰਨਿਆ ਜਾਂਦਾ ਹੈ। ਜੇਕਰ ਅਨੀਤਾ ਆਨੰਦ ਕੈਨੇਡਾ ਦੀ ਪ੍ਰਧਾਨ ਮੰਤਰੀ ਬਣ ਜਾਂਦੀ ਹੈ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਭਾਰਤ ਨਾਲ ਕੈਨੇਡਾ ਦੇ ਰਿਸ਼ਤੇ ਫਿਰ ਤੋਂ ਚੰਗੇ ਬਣ ਸਕਦੇ ਹਨ, ਜੋ ਟਰੂਡੋ ਦੇ ਸਮੇਂ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਏ ਸਨ। ਲਿਬਰਲ ਪਾਰਟੀ ਅੰਦਰ ਅਗਲੇ ਪ੍ਰਧਾਨ ਮੰਤਰੀ ਲਈ ਦਾਅਵੇਦਾਰੀ ਦੀ ਦੌੜ ਤੇਜ਼ ਹੋ ਗਈ ਹੈ। ਇਸ ਲਈ ਸੰਸਦ ਦਾ ਸੈਸ਼ਨ 27 ਜਨਵਰੀ ਤੋਂ 24 ਮਾਰਚ ਤਕ ਮੁਲਤਵੀ ਕਰ ਦਿਤਾ ਗਿਆ ਹੈ ਤਾਂ ਜੋ ਲਿਬਰਲ ਪਾਰਟੀ ਨੂੰ ਆਪਣਾ ਨਵਾਂ ਨੇਤਾ ਚੁਣਨ ਦਾ ਸਮਾਂ ਮਿਲ ਸਕੇ।

ਭਾਰਤੀ ਡਾਕਟਰ ਜੋੜੇ ਦੀ ਧੀ ਹੈ ਅਨੀਤਾ ਆਨੰਦ
ਅਨੀਤਾ ਆਨੰਦ ਦਾ ਜਨਮ ਕੈਂਟਵਿਲੇ, ਨੋਵਾ ਸਕੋਸ਼ੀਆ ਵਿਚ ਹੋਇਆ ਸੀ। ਅਨੀਤਾ ਦੇ ਮਾਤਾ-ਪਿਤਾ ਭਾਰਤ ਦੇ ਪੰਜਾਬ ਅਤੇ ਤਾਮਿਲਨਾਡੂ ਨਾਲ ਸਬੰਧਤ ਹਨ। ਉਸ ਦੇ ਮਾਤਾ-ਪਿਤਾ ਸਰੋਜ ਡੀ.ਰਾਮ ਅਤੇ ਐਸ.ਵੀ. (ਐਂਡੀ) ਆਨੰਦ, ਦੋਵੇਂ ਭਾਰਤੀ ਡਾਕਟਰ ਸਨ। ਉਸ ਦੀਆਂ ਦੋ ਭੈਣਾਂ ਗੀਤਾ ਅਤੇ ਸੋਨੀਆ ਆਨੰਦ ਵੀ ਆਪੋ-ਅਪਣੇ ਖੇਤਰ ਵਿਚ ਕਾਮਯਾਬ ਹਨ। ਅਨੀਤਾ ਆਨੰਦ ਨੇ 2019 ਵਿਚ ਰਾਜਨੀਤੀ ’ਚ ਪ੍ਰਵੇਸ਼ ਕੀਤਾ ਅਤੇ ਉਦੋਂ ਤੋਂ ਉਹ ਲਿਬਰਲ ਪਾਰਟੀ ਦੇ ਸਭ ਤੋਂ ਅਭਿਲਾਸ਼ੀ ਮੈਂਬਰਾਂ ਵਿਚੋਂ ਇਕ ਬਣ ਗਈ ਹੈ। ਉਨ੍ਹਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਜਨਤਕ ਸੇਵਾਵਾਂ ਅਤੇ ਖ਼ਰੀਦ ਮੰਤਰੀ ਦੇ ਤੌਰ ’ਤੇ ਮੁੱਖ ਭੂਮਿਕਾ ਨਿਭਾਈ, ਜਿੱਥੇ ਉਨ੍ਹਾਂ ਦੀਆਂ ਟੀਕਿਆਂ ਦੀ ਖ਼ਰੀਦ ਦੇ ਯਤਨਾਂ ਲਈ ਪ੍ਰਸ਼ੰਸਾ ਕੀਤੀ ਗਈ। 2021 ਵਿਚ ਉਨ੍ਹਾਂ ਨੂੰ ਕੈਨੇਡਾ ਦੀ ਰਖਿਆ ਮੰਤਰੀ ਬਣਾਇਆ ਗਿਆ, ਜਿੱਥੇ ਉਨ੍ਹਾਂ ਨੇ ਰੂਸ-ਯੂਕਰੇਨ ਯੁੱਧ ਦੌਰਾਨ ਯੂਕਰੇਨ ਦੀ ਸਹਾਇਤਾ ਕਰਨ ਵਿਚ ਮੁੱਖ ਭੂਮਿਕਾ ਨਿਭਾਈ।

ਅਨੀਤਾ ਆਨੰਦ ਟਰਾਂਸਪੋਰਟ ਅਤੇ ਗ੍ਰਹਿ ਮਾਮਲਿਆਂ ਬਾਰੇ ਮੰਤਰੀ
ਜਸਟਿਨ ਟਰੂਡੋ ਦੀ ਥਾਂ ਲੈਣ ਲਈ ਭਾਰਤੀ ਮੂਲ ਦੀ ਅਨੀਤਾ ਆਨੰਦ ਮਜ਼ਬੂਤ ਦਾਅਵੇਦਾਰ ਹੈ। 57 ਸਾਲਾ ਅਨੀਤਾ ਆਨੰਦ ਇਸ ਸਮੇਂ ਦੇਸ਼ ਦੀ ਟਰਾਂਸਪੋਰਟ ਅਤੇ ਗ੍ਰਹਿ ਮੰਤਰੀ ਹਨ। ਆਪਣੇ ਵਿਦਿਅਕ ਅਤੇ ਰਾਜਨੀਤਕ ਪਿਛੋਕੜ ਦੇ ਕਾਰਨ ਉਹ ਇਕ ਮਹੱਤਵਪੂਰਨ ਰਾਜਨੀਤਕ ਹਸਤੀ ਵਜੋਂ ਉਭਰੀ ਹੈ। ਅਨੀਤਾ ਆਨੰਦ ਨੇ ਕੁਈਨਜ਼ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਦੀ, ਆਕਸਫੋਰਡ ਯੂਨੀਵਰਸਿਟੀ ਤੋਂ ਨਿਆਂਸ਼ਾਸਤਰ, ਡਲਹੌਜ਼ੀ ਯੂਨੀਵਰਸਿਟੀ ਤੋਂ ਕਾਨੂੰਨ ਅਤੇ ਟੋਰਾਂਟੋ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਯੇਲ, ਕਵੀਨਜ਼ ਯੂਨੀਵਰਸਿਟੀ ਅਤੇ ਵੈਸਟਰਨ ਯੂਨੀਵਰਸਿਟੀ ਵਰਗੀਆਂ ਵੱਕਾਰੀ ਸੰਸਥਾਵਾਂ ਵਿਚ ਪੜ੍ਹਾਇਆ ਹੈ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਉਹ ਟੋਰਾਂਟੋ ਯੂਨੀਵਰਸਿਟੀ ਵਿਚ ਕਾਨੂੰਨ ਦੀ ਪ੍ਰੋਫ਼ੈਸਰ ਸਨ।