ਮੋਗਾ (ਤਨਮਯ) | ਪਿੰਡ ਤਤਾਰੀਏ ਵਾਲਾ ਵਿੱਖੇ ਇੱਕ ਹੈਰਾਨ ਕਰਨ ਵਾਲੇ ਮਾਮਲੇ ‘ਚ ਨੌਜਵਾਨ ਵੱਲੋਂ ਪੂਰੇ ਸਹੁਰਾ ਪਰਿਵਾਰ ‘ਤੇ ਹਮਲਾ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ ਗਈ ਹੈ।

ਗੁਰਮੁਖ ਸਿੰਘ ਨਾਂ ਦੇ ਵਿਅਕਤੀ ਦਾ ਵਿਆਹ 14 ਸਾਲ ਪਹਿਲਾਂ ਤਤਾਰੀਏ ਵਾਲਾ ਦੀ ਗੁਰਮੀਤ ਕੌਰ ਨਾਲ ਹੋਇਆ । ਦੱਸਿਆ ਜਾ ਰਿਹਾ ਹੈ ਕਿ ਗੁਰਮੁਖ ਸਿੰਘ ਦੇ ਕਿਸੇ ਹੋਰ ਔਰਤ ਨਾਲ ਵੀ ਸੰਬੰਧ ਸਨ, ਜਿਸ ਨੂੰ ਲੈ ਕੇ ਦੋਹਾਂ ਵਿਚਾਲੇ ਝਗੜਾ ਚੱਲਦਾ । ਕਰੀਬ 10 ਮਹੀਨਿਆਂ ਤੋਂ ਗੁਰਮੀਤ ਪੇਕੇ ਰਹਿ ਰਹੀ ਸੀ।

ਬੀਤੀ ਰਾਤ ਕਰੀਬ 2.30 ਵਜੇ ਗੁਰਮੁਖ ਆਪਣੇ ਮੋਟਰਸਾਇਕਲ ਉੱਤੇ ਆਇਆ ਅਤੇ ਕੰਧ ਟੱਪ ਕੇ ਘਰ ਅੰਦਰ ਵੜ ਗਿਆ। ਉਸ ਨੇ ਸੱਸ, ਸਹੁਰਾ, ਪਤਨੀ, ਸਾਲਾ ਅਤੇ ਉਸ ਦੀ ਕੁੜੀ ਉੱਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਹ ਭੱਜ ਗਿਆ।

ਲੋਕਾਂ ਨੂੰ ਘਟਨਾ ਦਾ ਪਤਾ ਲੱਗਣ ਉੱਤੇ ਇਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇੱਥੋਂ ਇਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

ਬਾਅਦ ਵਿੱਚ ਪਤਾ ਲੱਗਾ ਕਿ ਗੁਰਮੁਖ ਸਿੰਘ ਨੇ ਆਪਣੇ ਘਰ ਜਾ ਕੇ ਫੰਦਾ ਲਗਾ ਲਿਆ। ਗੁਰਮੁਖ ਸਿੰਘ ਦੀ ਮੌਤ ਹੋ ਗਈ ਹੈ।

ਪਰਿਵਾਰਕ ਮੈਂਬਰ ਅਤੇ ਸਰਪੰਚ ਨੇ ਦੱਸਿਆ ਕਿ ਪਹਿਲਾਂ ਵੀ ਗੁਰਮੁਖ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਸੀ। ਦੋ ਵਾਰ ਉਸ ਦੀ ਬਾਂਹ ਵੀ ਤੋੜ ਚੁੱਕਿਆ ਸੀ। ਪਤਨੀ ਨੇ ਪੁਲਿਸ ਥਾਣੇ ਇਸ ਦੀ ਸ਼ਿਕਾਇਤ ਕੀਤੀ ਹੋਈ ਸੀ। ਦੋਹਾਂ ਨੂੰ ਅੱਜ ਥਾਣੇ ਬੁਲਾਇਆ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਗੁਰਮੁਖ ਨੇ ਇਹ ਕਾਂਡ ਕਰ ਦਿੱਤਾ।