ਅੰਮ੍ਰਿਤਸਰ| ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਵੱਖ-ਵੱਖ ਸੰਗਠਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਲੈ ਕੇ ਹੁਣ ਅੰਮ੍ਰਿਤਪਾਲ ਦਾ ਬਿਆਨ ਸਾਹਮਣੇ ਆਇਆ ਹੈ। ਵਿਰੋਧ ਕਰਨ ਵਾਲੇ ਲੋਕਾਂ ਨੂੰ ਜਵਾਬ ਦਿੰਦੇ ਹੋਏ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਪੰਜਾਬੀ ਹੈ ਤੇ ਪੰਜਾਬ ਵਿਚ ਰਹਿਣਾ ਉਸ ਦਾ ਅਧਿਕਾਰ ਹੈ। ਉਨ੍ਹਾਂ ਦੇ ਪੂਰਵਜਾਂ ਨੇ ਵੀ ਪੰਜਾਬ ਲਈ ਆਪਣਾ ਖੂਹ ਵਹਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਕਿਉਂ ਛੱਡਣਾ ਚਾਹੀਦਾ, ਪੰਜਾਬ ਉਹ ਛੱਡਣ ਜਿਨ੍ਹਾਂ ਨੂੰ ਉਨ੍ਹਾਂ ਨੂੰ ਲੈ ਕੇ ਕੋਈ ਦਿੱਕਤ ਹੈ।

ਦੱਸ ਦੇਈਏ ਕਿ ਪਹਿਲਾਂ ਇਕ ਵਾਰ ਅੰਮ੍ਰਿਤਪਾਲ ਸਿੰਘ ਨੇ ਖੁਦ ਨੂੰ ਭਾਰਤੀ ਹੋਣ ਤੋਂ ਇਨਕਾਰ ਕੀਤਾ ਸੀ ਜਿਸ ਦੇ ਬਾਅਦ ਉਨ੍ਹਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ ਕਿ ਜੇਕਰ ਉਹ ਭਾਰਤੀ ਨਹੀਂ ਹਨ ਤਾਂ ਦੇਸ ਵਿਚ ਕੀ ਕਰ ਰਹੇ ਹੋ, ਉਨ੍ਹਾਂ ਨੂੰ ਦੇਸ਼ ਛੱਡ ਦੇਣਾ ਚਾਹੀਦਾ ਹੈ।

ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਅੰਮ੍ਰਿਤਪਾਲ ਸਿੰਘ ਨੇ ਬੈਠਕ ਕੀਤੀ। ਅਕਾਲ ਤਖਤ ਵੱਲੋਂ ਉਨ੍ਹਾਂ ‘ਤੇ ਅਜਨਾਲਾ ਥਾਣੇ ਦੇ ਘੇਰਾਓ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਲੈ ਜਾਣ ‘ਤੇ ਸਵਾਲ ਚੁੱਕੇ ਗਏ ਸਨ।

ਬੈਠਕ ਦੇ ਬਾਅਦ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਥਕ ਮੁੱਦਿਆਂ ‘ਤੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਇਸ ਬੈਠਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਲੈ ਕੇ ਕੋਈ ਚਰਚਾ ਨਹੀਂ ਕੀਤੀ ਗਈ ਤੇ ਨਾ ਹੀ ਅਕਾਲ ਤਖਤ ਵੱਲੋਂ ਗਠਿਤ 15 ਮੈਂਬਰੀ ਕਮੇਟੀ ਬਾਰੇ ਕੋਈ ਚਰਚਾ ਹੋਈ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਭਾਰਤ ਦਾ ਅਨਿੱਖੜਵਾਂ ਅੰਗ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਲਾਹੌਰ ਤੇ ਨਨਕਾਣਾ ਸਾਹਿਬ ਦੇ ਬਿਨਾਂ ਪੰਜਾਬ ਦੀ ਤਸਵੀਰ ਨਹੀਂ ਬਣਦੀ। ਉਸ ਨੇ ਖੁਦ ਨੂੰ ਵੀ ਭਾਰਤੀ ਮੰਨਣ ਤੋਂ ਇਨਕਾਰ ਕੀਤਾ ਸੀ। ਉਸ ਨੇ ਕਿਹਾ ਸੀ ਕਿ ਉਸ ਕੋਲ ਭਾਰਤੀ ਪਾਸਪੋਰਟ ਇਕ ਦਸਤਾਵੇਜ਼ ਹੈ, ਇਸ ਨਾਲ ਉਹ ਭਾਰਤੀ ਨਹੀਂ ਬਣ ਜਾਂਦਾ।