ਚੰਡੀਗੜ੍ਹ . ਪੰਜਾਬੀ ਗਾਇਕ ਹੁਣ ਗੈਂਗਸਟਰਾਂ ਦੇ ਨਿਸ਼ਾਨ ਉੱਤੇ ਕਿਉਂ ਆ ਗਏ ਹਨ? ਇਸ ਮੁੱਦੇ ‘ਤੇ ਅਸੀਂ ਕਲਾਕਾਰਾਂ ਅਤੇ ਸਾਬਕਾ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਗਾਇਕ ਪੰਮੀ ਬਾਈ ਨੇ ਆਖਿਆ ਹੈ ਕਿ ਇਸ ਮਾਮਲੇ ਵਿਚ ਨਿੱਜੀ ਰੰਜਿਸ਼ ਵੀ ਹੋ ਸਕਦੀ ਹੈ ਪਰ ਕੁੱਲ ਮਿਲਾ ਕੇ ਘਟਨਾ ਮਾੜੀ ਹੈ। ਉਨ੍ਹਾਂ ਆਖਿਆ ਕਿਹਾ, “ਉਹ ਪਿਛਲੇ 25 ਸਾਲਾਂ ਤੋਂ ਗਾਇਕੀ ਦੇ ਖੇਤਰ ਵਿਚ ਹਨ ਅਤੇ ਗੁਰਦਾਸ ਮਾਨ ਨੂੰ ਕਰੀਬ 35 ਸਾਲ ਹੋ ਗਏ ਪਰ ਅਸੀਂ ਕਦੇ ਵੀ ਕੋਈ ਬਾਊਂਸਰ ਜਾਂ ਗੰਨਮੈਨ ਨਹੀਂ ਰੱਖਿਆ। ਇਸ ਦੇ ਬਾਵਜੂਦ ਸਾਡੇ ਨਾਲ ਕੋਈ ਮਾੜੀ ਘਟਨਾ ਨਹੀਂ ਹੋਈ। ਉਨ੍ਹਾਂ ਆਖਿਆ ਕਿ ਅੱਜ-ਕੱਲ੍ਹ ਦੇ ਗਾਇਕ ਆਪਣੇ ਨਾਲ ਦਸ ਦਸ ਬਾਊਂਸਰ ਰੱਖਦੇ ਹਨ। ਲੋਕ ਕਲਾਕਾਰ ਨੂੰ ਮਿਲਣਾ ਚਾਹੁੰਦੇ ਹਨ ਪਰ ਬਾਊਂਸਰ ਧੱਕੇ ਮਾਰਦੇ ਹਨ ਇਸ ਕਰਕੇ ਕਈ ਵਾਰ ਫੈਨ ਗ਼ੁੱਸੇ ਵੀ ਹੋ ਜਾਂਦੇ ਹਨ।’

ਉਨ੍ਹਾਂ ਕਿਹਾ, “ਕਲਾਕਾਰਾਂ ਨੂੰ ਲੋਕ ਬਣਾਉਂਦੇ ਪਰ ਜਦੋਂ ਕਲਾਕਾਰ ਬਣ ਜਾਂਦੇ ਹਨ ਉਦੋਂ ਉਹ ਉਨ੍ਹਾਂ ਤੋਂ ਦੂਰ ਹੋ ਜਾਂਦੇ ਹਨ।’ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਕਲਾਕਾਰਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ ਹੈ ਅਤੇ ਇਸ ਨਾਲ ਕਲਾਕਾਰ ਦੇ ਮਨੋਬਲ ਉੱਤੇ ਅਸਰ ਪਵੇਗਾ। ਉਨ੍ਹਾਂ ਕਿਹਾ, “ਕਲਾਕਾਰਾਂ ਨੇ ਲੋਕਾਂ ‘ਚ ਜਾ ਕੇ ਆਪਣੀ ਪੇਸ਼ਕਾਰੀ ਦੇਣੀ ਹੈ ਪਰ ਜੇ ਅਜਿਹੀਆਂ ਘਟਨਾਵਾਂ ਹੋਣਗੀਆਂ ਤਾਂ ਇੰਡਸਟਰੀ ਅਤੇ ਕਲਾਕਾਰ ਦੋਵਾਂ ਲਈ ਮਾੜਾ ਹੈ।’ ਜੇ ਕਿਸੇ ਨਾਲ ਕੋਈ ਮਤਭੇਦ ਹੋ ਜਾਂਦਾ ਹੈ ਤਾਂ ਉਹ ਬੈਠ ਕੇ ਗੱਲਬਾਤ ਰਾਹੀਂ ਸੁਲਝਾਇਆ ਜਾ ਸਕਦਾ ਹੈ।’ਇੱਕ ਹੋਰ ਗਾਇਕ ਨੇ ਨਾਮ ਨਾ ਛਾਪਣ ਦੀ ਸ਼ਰਤ ਨਾਲ ਦੱਸਿਆ ਕਿ ਕਲਾਕਾਰ ਸਭ ਦਾ ਸਾਂਝਾ ਹੁੰਦਾ ਹੈ ਅਤੇ ਕਿਸੇ ਨਾਲ ਕਿਸੇ ਦੀ ਕੋਈ ਦੁਸ਼ਮਣੀ ਨਹੀਂ ਹੁੰਦੀ। ਭੀੜ ਵਿਚ ਜੇ ਕੋਈ ਅਜਿਹੀ ਹਰਕਤ ਕਰਦਾ ਹੈ ਤਾਂ ਇਸ ਨਾਲ ਕਲਾਕਾਰ ਦੇ ਮਨ ਵਿਚ ਡਰ ਪੈਦਾ ਹੋਵੇਗਾ। ਪੰਜਾਬ ਦੇ ਸਾਬਕਾ ਏਡੀਜੀਪੀ ਐਸ ਕੇ ਸ਼ਰਮਾ ਦੇ ਕਹਿਣਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਗੈਂਗਸਟਰ ਪੰਜਾਬੀ ਗਾਇਕਾਂ ਦੇ ਖ਼ਿਲਾਫ਼ ਹਨ। ਉਨ੍ਹਾਂ ਆਖਿਆ ਕਿ ਪਰਮੀਸ਼ ਵਰਮਾ ਉੱਤੇ ਹਮਲੇ ਦੇ ਪਿੱਛੇ ਨਿੱਜੀ ਕਾਰਨ ਵੀ ਹੋ ਸਕਦੇ ਹਨ।