ਹਰਿਆਣਾ | ਰਸਤੇ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਮਿਲ ਗਈ, ਪਰ ਉਹ ਅਜੇ ਵੀ ਸਿੰਘ ਬਾਰਡਰ ‘ਤੇ ਡਟੇ ਹੋਏ ਹਨ। ਕਿਸਾਨ ਬੁਰਾੜੀ ਦੇ ਨਿਰੰਕਾਰੀ ਗਰਾਊਂਡ ਵਿੱਚ ਜਾਣ ਤੋਂ ਇਨਕਾਰ ਕਰ ਰਹੇ ਹਨ । ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਕਿਸਾਨਾਂ ਦਾ ਅੰਦੋਲਨ ਸਿੰਘੁ ਬਾਰਡਰ ‘ਤੇ ਜਾਰੀ ਰਹੇਗਾ ਜਾਂ ਉਹ ਬੁਰਾੜੀ ਜਾਣਗੇ, ਇਸ ਦਾ ਫੈਸਲਾ ਸ਼ਨੀਵਾਰ ਸਵੇਰੇ 8 ਵਜੇ ਕੀਤਾ ਜਾਵੇਗਾ।

ਦਰਅਸਲ, ਸਵੇਰੇ 8 ਵਜੇ ਕਿਸਾਨ ਨੇਤਾਵਾਂ ਦੀ ਇੱਕ ਮੀਟਿੰਗ ਹੈ, ਜਿਸ ਵਿੱਚ ਇਹ ਫੈਸਲਾ ਲਿਆ ਜਾਵੇਗਾ ਕਿ ਅੰਦੋਲਨ ਨੂੰ ਅੱਗੇ ਕਿਵੇਂ ਵਧਾਉਣਾ ਹੈ । ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਐਮਐਸਪੀ ਬਾਰੇ ਕੁਝ ਸਪੱਸ਼ਟ ਨਹੀਂ ਕਰਦੀ, ਤਦ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ।

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਗੱਲਬਾਤ ਕਰਨੀ ਚਾਹੁੰਦੀ ਹੈ ਤਾਂ ਅਸੀਂ ਸਰਕਾਰ ਨਾਲ ਗੱਲ ਕਰਨ ਲਈ ਤਿਆਰ ਹਾਂ, ਪਰ ਜੋ ਮੌਤ ਦਾ ਵਾਰੰਟ ਕਿਸਾਨ ਦਾ ਲਿਖਿਆ ਗਿਆ ਹੈ ਉਹ ਵਾਪਸ ਕਰਨਾ ਪਵੇਗਾ। ਜਿੱਥੋਂ ਤੱਕ ਅੰਦੋਲਨ ਦੀ ਗੱਲ ਹੈ, ਉਹ ਸਵੇਰੇ 8 ਵਜੇ ਤੈਅ ਹੋਵੇਗਾ ਕਿ ਅੱਗੇ ਦੀ ਪਲੈਨਿੰਗ ਕੀ ਹੋਵੇਗੀ? ਜਗਜੀਤ ਸਿੰਘ ਨੇ ਕਿਹਾ ਕਿ ਅੰਦੋਲਨ ਜ਼ਰੂਰ ਹੋਵੇਗਾ, ਪਰ ਇਹ ਬੁਰਾੜੀ ਦੇ ਮੈਦਾਨ ਵਿੱਚ ਹੋਵੇਗਾ ਜਾਂ ਸਿੰਘੁ ਬਾਰਡਰ ‘ਤੇ, ਇਹ ਫੈਸਲਾ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਤੋਂ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਗਈ । ਕਿਸਾਨਾਂ ਨੂੰ ਦਿੱਲੀ ਦੇ ਬੁਰਾੜੀ ਦੇ ਨਿਰੰਕਾਰੀ ਗਰਾਉਂਡ ਵਿਖੇ ਵਿਰੋਧ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਗਈ ਹੈ। ਹਾਲਾਂਕਿ, ਇਸ ਦੌਰਾਨ ਕਿਸਾਨ ਦਿੱਲੀ ਦੇ ਕਿਸੇ ਹੋਰ ਖੇਤਰ ਦਾ ਦੌਰਾ ਨਹੀਂ ਕਰ ਸਕਣਗੇ। ਨਾਲ ਹੀ, ਪੁਲਿਸ ਇਸ ਦੌਰਾਨ ਕਿਸਾਨਾਂ ਦੇ ਨਾਲ ਰਹੇਗੀ।