ਨਿਊਜ਼ ਡੈਸਕ| ਵਿਰਾਟ ਕੋਹਲੀ ਜਦੋਂ ਵੀ ਮੈਦਾਨ ‘ਤੇ ਹੁੰਦੇ ਹਨ ਤਾਂ ਉਹ ਵੱਖਰੇ ਹੀ ਅੰਦਾਜ਼ ‘ਚ ਨਜ਼ਰ ਆਉਂਦੇ ਹਨ। ਵਿਰਾਟ ਕੋਹਲੀ ਆਪਣੀ ਟੀਮ ਦੇ ਪੱਧਰ ਨੂੰ ਉੱਚਾ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਇਹੀ ਕਾਰਨ ਹੈ ਕਿ ਕਈ ਵਾਰ ਉਨ੍ਹਾਂ ਦੀ ਟੀਮ ਸਾਹਮਣੇ ਵਾਲੀਆਂ ਟੀਮਾਂ ਉਤੇ ਭਾਰੀ ਪਈ ਹੈ । ਇਸ ਜਨੂੰਨ ਨਾਲ ਵਿਰਾਟ ਕੋਹਲੀ ਨੇ ਆਪਣੀ ਕਪਤਾਨੀ ਹੇਠ ਆਸਟ੍ਰੇਲੀਆ ਵਰਗੀ ਟੀਮ ਨੂੰ ਉਨ੍ਹਾਂ ਦੇ ਘਰ ਟੈਸਟ ਮੈਚ ਵਿੱਚ ਹਰਾਇਆ ਸੀ। ਕੁਝ ਲੋਕਾਂ ਨੂੰ ਇਹ ਪਸੰਦ ਨਹੀਂ ਹੈ, ਪਰ ਕਈਆਂ ਨੂੰ ਇਹ ਬਹੁਤ ਸਹੀ ਲੱਗਦਾ ਹੈ।

ਇਹੀ ਕਾਰਨ ਹੈ ਕਿ ਵਿਰਾਟ ਦੇ ਪ੍ਰਸ਼ੰਸਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਹੁਣ ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਟਾਮ ਮੂਡੀ ਨੇ ਵੀ ਵਿਰਾਟ ਦੀ ਤਾਰੀਫ ਕਰਦੇ ਹੋਏ ਆਪਣੀ ਰਾਏ ਜ਼ਾਹਿਰ ਕੀਤੀ ਹੈ।

ਕੀ ਬੋਲੇ ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਟਾਮ ਮੂਡੀ

ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਟੌਮ ਮੂਡੀ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦਾ ਜਨੂੰਨ ਹਰ ਉਸ ਟੀਮ ਨੂੰ ਪ੍ਰੇਰਿਤ ਕਰਦਾ ਹੈ ਜਿਸਦਾ ਉਹ ਹਿੱਸਾ ਹੈ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਵੀ ਅਜਿਹਾ ਹੀ ਮਾਮਲਾ ਹੈ। ਕੋਹਲੀ ਨੇ ਆਈਪੀਐਲ 2023 ਦੇ ਚੱਲ ਰਹੇ ਸੀਜ਼ਨ ਵਿੱਚ ਹੁਣ ਤੱਕ 11 ਮੈਚਾਂ ਵਿੱਚ 420 ਦੌੜਾਂ ਬਣਾਈਆਂ ਹਨ ਅਤੇ ਆਰਸੀਬੀ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਸਟਾਰ ਬੱਲੇਬਾਜ਼ ਇੱਕ ਵਾਰ ਫਿਰ ਉਨ੍ਹਾਂ ਨੂੰ ਜਿੱਤ ਵੱਲ ਲੈ ਜਾਵੇਗਾ।

ਉਨ੍ਹਾਂ ਦਾ ਸਾਹਮਣਾ ਜੈਪੁਰ ਵਿੱਚ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਰਾਜਸਥਾਨ ਨੇ ਆਪਣਾ ਪਿਛਲਾ ਮੈਚ ਜਿੱਤਿਆ ਸੀ। ਇਸ ਦੇ ਨਾਲ ਹੀ ਆਰਸੀਬੀ ਨੂੰ ਆਪਣੇ ਪਿਛਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਯਸ਼ਸਵੀ ਜੈਸਵਾਲ ਦੇ ਅਹਿਮ ਯੋਗਦਾਨ ਨਾਲ ਰਾਜਸਥਾਨ ਰਾਇਲਜ਼ ਨੇ ਕੇਕੇਆਰ ਨੂੰ 9 ਵਿਕਟਾਂ ਨਾਲ ਹਰਾਇਆ, ਜਦਕਿ ਆਰਸੀਬੀ ਨੂੰ ਮੁੰਬਈ ਇੰਡੀਅਨਜ਼ ਨੇ ਹਰਾਇਆ।

ਮੂਡੀ ਨੇ ਸਟਾਰ ਸਪੋਰਟਸ ‘ਕ੍ਰਿਕੇਟ ਲਾਈਵ’ ‘ਤੇ ਕਿਹਾ ਕਿ ਵਿਰਾਟ ਕੋਹਲੀ ਬਹੁਤ ਭਾਵੁਕ ਅਤੇ ਪ੍ਰਤੀਯੋਗੀ ਖਿਡਾਰੀ ਹੈ। ਖੇਡ ਦੇ ਕਈ ਹੋਰ ਦਿੱਗਜਾਂ ਨਾਲ ਵੀ ਅਜਿਹਾ ਹੀ ਹੋਇਆ ਹੈ। ਇਹ ਉਨ੍ਹਾਂ ਦਾ ਜਨੂੰਨ ਹੈ ਜੋ ਉਨ੍ਹਾਂ ਨੂੰ ਅੱਗੇ ਵਧਾਉਂਦਾ ਹੈ। ਵਿਰਾਟ ਉਨ੍ਹਾਂ ਖਿਡਾਰੀਆਂ ‘ਚੋਂ ਇਕ ਹੈ ਅਤੇ ਅਜਿਹੇ ਖਿਡਾਰੀ ਟੀਮ ਨੂੰ ਬਿਹਤਰੀਨ ਪ੍ਰਦਰਸ਼ਨ ਕਰਨ ‘ਚ ਵੀ ਮਦਦ ਕਰਦੇ ਹਨ।

RR ਦੀ ਆਸਾਨ ਜਿੱਤ ਨੇ ਉਨ੍ਹਾਂ ਦੀ ਨੈੱਟ ਰਨ ਰੇਟ ਨੂੰ ਵਧਾ ਦਿੱਤਾ ਹੈ, ਜਿਸਦਾ ਮਤਲਬ ਹੈ ਕਿ ਜੇਕਰ ਉਹ ਆਪਣੇ ਦੋਵੇਂ ਬਾਕੀ ਮੈਚ ਜਿੱਤ ਲੈਂਦੇ ਹਨ ਅਤੇ 16 ਅੰਕਾਂ ਨਾਲ ਕਿਸੇ ਹੋਰ ਟੀਮ ਨਾਲ ਬਰਾਬਰੀ ਕਰਦੇ ਹਨ ਤਾਂ 0.633 ਦੀ ਨੈੱਟ ਰਨ ਰੇਟ ਕੰਮ ਆਵੇਗੀ। ਰਾਜਸਥਾਨ ਰਾਇਲਜ਼ 12 ਮੈਚਾਂ ਵਿੱਚ ਛੇ ਜਿੱਤਾਂ ਨਾਲ ਪੰਜਵੇਂ ਜਦਕਿ ਰਾਇਲ ਚੈਲੰਜਰਜ਼ ਬੈਂਗਲੁਰੂ 11 ਮੈਚਾਂ ਵਿੱਚ ਪੰਜ ਜਿੱਤਾਂ ਨਾਲ ਸੱਤਵੇਂ ਸਥਾਨ ’ਤੇ ਹੈ। ਅਜਿਹੇ ‘ਚ ਅੱਜ ਦੋਵਾਂ ਟੀਮਾਂ ਵਿਚਾਲੇ ਜ਼ਬਰਦਸਤ ਟੱਕਰ ਦੀ ਉਮੀਦ ਹੈ।