ਐਡੀਲੇਡ, 28 ਜਨਵਰੀ | ਸ਼ਾਮਾਰ ਜੋਸਫ ਦੀਆਂ 7 ਵਿਕਟਾਂ ਦੀ ਮਦਦ ਨਾਲ ਵੈਸਟਇੰਡੀਜ਼ ਨੇ ਗਾਬਾ ’ਚ ਟੈਸਟ ਮੈਚ ਜਿੱਤ ਲਿਆ ਹੈ, ਜੋ 27 ਸਾਲਾਂ ’ਚ ਆਸਟਰੇਲੀਆ ਅੰਦਰ ਉਸ ਦੀ ਟੈਸਟ ਕ੍ਰਿਕਟ ’ਚ ਪਹਿਲੀ ਜਿੱਤ ਹੈ। ਜੋਸੇਫ ਨੂੰ ਵੈਸਟਇੰਡੀਜ਼ ਦੀ ਦੂਜੀ ਪਾਰੀ ਵਿਚ ਮਿਸ਼ੇਲ ਸਟਾਰਕ ਦੇ ਯਾਰਕਰ ਨਾਲ ਸੱਟ ਲੱਗੀ ਸੀ ਅਤੇ ਉਸ ਨੂੰ ਮੈਦਾਨ ਛੱਡਣਾ ਪਿਆ ਸੀ। ਉਸ ਨੇ ਸ਼ਾਨਦਾਰ ਗੇਂਦਬਾਜ਼ੀ ਵਿਖਾਈ ਅਤੇ 68 ਦੌੜਾਂ ਦੇ ਕੇ 7 ਵਿਕਟਾਂ ਲਈਆਂ। ਵੈਸਟਇੰਡੀਜ਼ ਨੇ ਆਸਟਰੇਲੀਆ ਦੀ ਪੂਰੀ ਟੀਮ ਨੂੰ 207 ਦੌੜਾਂ ’ਤੇ ਆਊਟ ਕਰ ਦਿੱਤਾ। ਸਲਾਮੀ ਬੱਲੇਬਾਜ਼ ਸਟੀਵ ਸਮਿਥ 146 ਗੇਂਦਾਂ ’ਤੇ 91 ਦੌੜਾਂ ਬਣਾ ਕੇ ਨਾਬਾਦ ਰਹੇ।

ਐਡੀਲੇਡ ’ਚ ਆਪਣੇ ਟੈਸਟ ਕ੍ਰਿਕਟ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ 24 ਸਾਲ ਦੇ ਜੋਸੇਫ ਨੇ 11ਵੇਂ ਨੰਬਰ ਦੇ ਬੱਲੇਬਾਜ਼ ਜੋਸ਼ ਹੇਜ਼ਲਵੁੱਡ ਦੀ ਵਿਕਟ ਲੈ ਕੇ ਖੁਸ਼ੀ ਨਾਲ ਛਾਲ ਮਾਰ ਦਿੱਤੀ। ਵੈਸਟਇੰਡੀਜ਼ ਨੇ ਐਡੀਲੇਡ ਟੈਸਟ ਤਿੰਨ ਦਿਨਾਂ ਦੇ ਅੰਦਰ 10 ਵਿਕਟਾਂ ਨਾਲ ਹਾਰਨ ਤੋਂ ਬਾਅਦ ਵਾਪਸੀ ਕੀਤੀ ਅਤੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਵੈਸਟਇੰਡੀਜ਼ ਨੇ 1997 ’ਚ ਵਾਕਾ ’ਤੇ 10 ਵਿਕਟਾਂ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਆਸਟਰੇਲੀਆ ’ਚ ਕੋਈ ਟੈਸਟ ਮੈਚ ਨਹੀਂ ਜਿੱਤਿਆ ਹੈ।