ਉਤਰ ਪ੍ਰਦੇਸ਼/ਗੋਰਖਪੁਰ, 10 ਨਵੰਬਰ | ਕੁਸ਼ੀਨਗਰ ਹਾਈਵੇ ‘ਤੇ ਜਗਦੀਸ਼ਪੁਰ ਕੋਲ ਕੱਲ ਰਾਤ ਬੱਸ ਵਿਚ ਤੇਜ਼ ਰਫਤਾਰ ਟਰੱਕ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਹਾਦਸੇ ਵਿਚ 6 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ 27 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਤੇ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ।
ਕੁਝ ਦੀ ਹਾਲਤ ਕਾਫੀ ਗੰਭੀਰ ਹੈ। ਹਾਦਸੇ ਦੀ ਸੂਚਨਾ ਮਿਲਣ ‘ਤੇ ਐੱਸਪੀ ਸਿਟੀ ਸਣੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਅਧਿਕਾਰੀਆਂ ਨੇ ਸਦਰ ਹਸਪਤਾਲ ਤੇ ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਵੀ ਅਲਰਟ ਕਰ ਦਿੱਤਾ, ਜਿਸ ਤੋਂ ਬਾਅਦ ਡਾਕਟਰ ਵੀ ਪਹੁੰਚ ਗਏ।
ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਰਖਪੁਰ ਤੋਂ ਇਕ ਬੱਸ ਸਵਾਰੀਆਂ ਨੂੰ ਲੈ ਕੇ ਪੜਰੌਣਾ ਜਾ ਰਹੀ ਸੀ। ਜਗਦੀਸ਼ਪੁਰ ਦੇ ਮੱਲਪੁਰ ਕੋਲ ਬੱਸ ਦਾ ਪਹੀਆ ਪੰਕਚਰ ਹੋ ਗਿਆ। ਬੱਸ ਨੂੰ ਸੜਕ ਦੇ ਕਿਨਾਰੇ ਖੜ੍ਹੀ ਕਰਕੇ ਚਾਲਕ ਤੇ ਕੰਡਕਟਰ ਨੇ ਦੂਜੀ ਬੱਸ ਮੰਗਵਾਈ ਸੀ।
ਇਕ ਖਾਲੀ ਬੱਸ ਗੋਰਖਪੁਰ ਤੋਂ ਪਹੁੰਚੀ ਤੇ ਸਵਾਰੀਆਂ ਨੂੰ ਬਿਠਾ ਰਹੀ ਸੀ। ਕੁਝ ਸਵਾਰੀਆਂ ਬੱਸ ਵਿਚ ਬੈਠ ਗਈਆਂ ਸਨ ਜਦੋਂਕਿ ਕੁਝ ਅਜੇ ਦੋਵੇਂ ਬੱਸਾਂ ਦੇ ਵਿਚ ਖੜ੍ਹੇ ਸਨ। ਇਕ ਤੇਜ਼ ਰਫਤਾਰ ਟਰੱਕ ਨੇ ਬੱਸ ਵਿਚ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ 2 ਦਰਜਨ ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਘਟਨਾ ਵਾਲੀ ਥਾਂ ‘ਤੇ 5 ਐਂਬੂਲੈਂਸਾਂ ਰਾਹੀਂ ਜ਼ਖਮੀਆਂ ਨੂੰ ਸਦਰ ਤੇ ਮੈਡੀਕਲ ਕਾਲਜ ਲਿਜਾਇਆ ਗਿਆ।