ਪਟਿਆਲਾ, 21 ਜਨਵਰੀ| ਭਗਵਾਨ ਸ਼੍ਰੀ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਜਿਥੇ ਪੂਰੇ ਦੇਸ਼ ਵਿੱਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹਰ ਵਰਗ ਦੇ ਲੋਕਾਂ ਵੱਲੋਂ ਵੱਖੋ-ਵੱਖ ਢੰਗ ਨਾਲ ਸ਼੍ਰੀ ਰਾਮ ਪ੍ਰਤੀ ਆਪਣੀ ਸ਼ਰਧਾ ਨੂੰ ਪ੍ਰਗਟ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਪਟਿਆਲਾ ਵਿੱਚ ਮਸ਼ੀਨ ਨਾਲ ਕਢਾਈ ਕਰਨ ਵਾਲੇ ਕਲਾਕਾਰ ਯਸ਼ ਮਹਿਰਾ ਨੇ ਰੰਗ-ਬਰੰਗੇ ਧਾਗਿਆਂ ਨਾਲ ਭਗਵਾਨ ਸ਼੍ਰੀ ਰਾਮ ਦੀ ਮਨਮੋਹਕ ਤਸਵੀਰ ਤਿਆਰ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਯਸ਼ ਮਹਿਰਾ ਮਸ਼ੀਨੀ ਕਢਾਈ ਨਾਲ ਕਿਸੇ ਵੀ ਵਿਅਕਤੀ ਜਾਂ ਚਿੱਤਰ ਦੀ ਹੂਬਹੂ ਤਸਵੀਰ ਤਿਆਰ ਕਰਨ ਦਾ ਹੁਨਰ ਰੱਖਦਾ ਹੈ। ਆਪਣੀ ਇਸ ਅਨੋਖੀ ਕਲਾ ਨੂੰ ਰੋਜ਼ੀ ਰੋਟੀ ਦਾ ਜ਼ਰੀਆ ਬਣਾਉਣ ਵਾਲੇ ਯਸ਼ ਮਹਿਰਾ ਨੇ ਦੱਸਿਆ ਕਿ ਉਸਨੂੰ ਬਚਪਨ ਤੋਂ ਹੀ ਚਿੱਤਰ ਕਲਾ ਦਾ ਸ਼ੌਕ ਸੀ ਅਤੇ ਉਸ ਨੇ ਪਟਿਆਲਾ ਦੇ ਹੀ ਕਾਰੀਗਰੀ ਤੋਂ ਸਿਖਲਾਈ ਲੈ ਕੇ ਆਪਣਾ ਕੰਮ ਸ਼ੁਰੂ ਕੀਤਾ ਹੈ। 22 ਜਨਵਰੀ ਨੂੰ ਅਯੁੱਧਿਆ ’ਚ ਹੋ ਰਹੇ ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਆਪਣਾ ਯੋਗਦਾਨ ਪਾਉਣ ਦਾ ਮਨ ਬਣਾਇਆ ਤੇ ਆਪਣੀ ਕਲਾ ਨਾਲ ਭਗਵਾਨ ਸ਼੍ਰੀ ਰਾਮ ਦੀ ਤਸਵੀਰ ਬਣਾਉਣੀ ਸ਼ੁਰੂ ਕੀਤੀ।
ਯਸ਼ ਮਹਿਰਾ ਨੇ ਕਰੀਬ ਇਕ ਮਹੀਨੇ ਦੀ ਮਿਹਨਤ ਨਾਲ ਭਗਵਾਨ ਸ਼੍ਰੀ ਰਾਮ ਜੀ ਦੀ 18 ਗੁਣਾ 12 ਇੰਚ ਦੀ ਤਸਵੀਰ ਮਸ਼ੀਨੀ ਕਢਾਈ ਨਾਲ ਤਿਆਰ ਕੀਤੀ ਹੈ, ਜਿਸ ਨੂੰ ਤਿਆਰ ਕਰਨ ਲਈ ਕਰੀਬ ਇਕ ਮਹੀਨਾ ਲੱਗਿਆ ਹੈ ਜਿਸ ਵਿਚ ਵੱਖ-ਵੱਖ ਰੰਗਾਂ ਦੀਆਂ 30 ਤੋਂ ਵੱਧ ਵੱਡੀਆਂ ਰੀਲਾਂ ਲੱਗੀਆਂ ਹਨ। ਯਸ਼ ਦਾ ਕਹਿਣਾ ਹੈ ਕਿ ਇਹ ਵੇਚਣ ਲਈ ਨਹੀਂ ਹੈ, ਸਗੋਂ ਸੁੰਦਰ ਫਰੇਮ ਵਿਚ ਜੜਵਾ ਕੇ ਦੁਕਾਨ ’ਚ ਲਾਈ ਜਾਵੇਗੀ। ਇਸ ਤੋਂ ਪਹਿਲਾ ਵੀ ਉਸ ਨੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਤਿਆਰ ਕੀਤੀ ਗਈ ਹੈ ਅਤੇ ਕਈ ਵਿਅਕਤੀਆਂ ਦੇ ਆਰਡਰ ’ਤੇ ਵੀ ਤਸਵੀਰਾਂ ਬਣਾਈਆਂ ਗਈਆਂ ਹਨ।