ਨਵੀਂ ਦਿੱਲੀ, 7 ਫਰਵਰੀ | ਅੰਡਰ-19 ਵਿਸ਼ਵ ਕੱਪ ਹੁਣ ਆਖਰੀ ਪੜਾਅ ‘ਤੇ ਪਹੁੰਚ ਗਿਆ ਹੈ। ਭਾਰਤੀ ਕ੍ਰਿਕਟ ਟੀਮ ਨੇ ਫਾਈਨਲ ‘ਚ ਐਂਟਰੀ ਕਰ ਲਈ ਹੈ। ਹੁਣ ਟੂਰਨਾਮੈਂਟ ਦਾ ਫਾਈਨਲ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ 18 ਸਾਲ ਬਾਅਦ ਖਿਤਾਬ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੱਕਰ ਦੇਖਣ ਨੂੰ ਮਿਲੇਗੀ।

ਪਹਿਲੇ ਸੈਮੀਫਾਈਨਲ ‘ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਖਿਲਾਫ ਰੋਮਾਂਚਕ ਮੈਚ ਜਿੱਤਿਆ। ਟੂਰਨਾਮੈਂਟ ਦਾ ਦੂਜਾ ਸੈਮੀਫਾਈਨਲ ਮੈਚ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣਾ ਹੈ। ਜੇਕਰ ਪਾਕਿਸਤਾਨ ਦੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਫਾਈਨਲ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਡਾ ਮੁਕਾਬਲਾ ਹੋ ਸਕਦਾ ਹੈ।

2024 ਅੰਡਰ-19 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਬੇਨੋਨੀ ਦੇ ਵਿਲੋਮੂਰ ਪਾਰਕ ‘ਚ ਖੇਡਿਆ ਗਿਆ। ਪਹਿਲਾਂ ਖੇਡਦਿਆਂ ਦੱਖਣੀ ਅਫਰੀਕਾ ਦੀ ਅੰਡਰ-19 ਟੀਮ ਨੇ 50 ਓਵਰਾਂ ਵਿਚ 7 ਵਿਕਟਾਂ ’ਤੇ 244 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਭਾਰਤੀ ਅੰਡਰ-19 ਟੀਮ ਨੇ ਇਕ ਸਮੇਂ ਸਿਰਫ 32 ਦੌੜਾਂ ‘ਤੇ ਚਾਰ ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ ਸਨ। ਹਾਲਾਂਕਿ ਇਸ ਤੋਂ ਬਾਅਦ ਕਪਤਾਨ ਉਦੈ ਸਹਾਰਨ (81 ਦੌੜਾਂ) ਅਤੇ ਸਚਿਨ ਦਾਸ (96 ਦੌੜਾਂ) ਨੇ ਪੰਜਵੀਂ ਵਿਕਟ ਲਈ 171 ਦੌੜਾਂ ਦੀ ਸਾਂਝੇਦਾਰੀ ਕਰਕੇ ਮੈਚ ਦਾ ਰੁਖ ਮੋੜ ਦਿੱਤਾ। ਅਖੀਰ ‘ਚ ਟੀਮ ਇੰਡੀਆ ਨੇ ਸੈਮੀਫਾਈਨਲ ਮੈਚ 2 ਵਿਕਟਾਂ ਨਾਲ ਜਿੱਤ ਕੇ 5ਵੀਂ ਵਾਰ ਫਾਈਨਲ ‘ਚ ਪ੍ਰਵੇਸ਼ ਕੀਤਾ।ਅੰਡਰ-19 ਵਿਸ਼ਵ ਕੱਪ 2024 ਦਾ ਫਾਈਨਲ ਮੈਚ 11 ਫਰਵਰੀ ਨੂੰ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ 8 ਫਰਵਰੀ ਨੂੰ ਟੂਰਨਾਮੈਂਟ ਦਾ ਦੂਜਾ ਸੈਮੀਫਾਈਨਲ ਆਸਟਰੇਲੀਆ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ।