ਤੁਰਕੀ। ਤੁਰਕੀ ਅਤੇ ਸੀਰੀਆ ਵਿੱਚ ਆਏ 7.8 ਤੀਬਰਤਾ ਦੇ ਭੂਚਾਲ ਵਿੱਚ ਇੱਕ ਸੀਰੀਆਈ ਸ਼ਰਨਾਰਥੀ ਨੇ ਆਪਣੇ ਪਰਿਵਾਰ ਦੇ 25 ਮੈਂਬਰਾਂ ਨੂੰ ਗੁਆ ਦਿੱਤਾ। ਇਸ ਸ਼ਰਨਾਰਥੀ ਦਾ ਨਾਂ ਅਹਿਮਦ ਇਦਰੀਸ ਹੈ। ਉਸ ਦਾ ਪੂਰਾ ਪਰਿਵਾਰ ਜੰਗ-ਪੀੜਤ ਸੀਰੀਆ ਤੋਂ ਭੱਜ ਕੇ ਤੁਰਕੀ ਸਰਹੱਦ ‘ਤੇ ਪਨਾਹ ਲੈਣ ਲਈ ਆ ਗਿਆ ਸੀ।
ਇੱਕ ਵਿਸਥਾਪਿਤ ਸੀਰੀਆ ਦੇ ਅਮਹਦ ਇਦਰੀਸ ਨੇ ਇੱਕ ਨਿਊਜ਼ ਚੈਨਲ ਨੂੰ ਦੱਸਦਿਆਂ ਕਿਹਾ ਕਿ 2012 ਵਿੱਚ ਮੇਰਾ ਪੂਰਾ ਪਰਿਵਾਰ ਸ਼ਰਨ ਲੈਣ ਲਈ ਸਰਾਏਕਿਬ ਪਹੁੰਚਿਆ ਸੀ। ਸਾਲ 2020 ‘ਚ ਸੀਰੀਆ ਦੀ ਫੌਜ ਨੇ ਫਿਰ ਤੋਂ ਸਰਾਏਕਿਬ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਸੀ। ਅਸੀਂ ਇੱਥੇ ਆਪਣੇ ਲਈ ਸੁਰੱਖਿਅਤ ਪਨਾਹ ਦੀ ਭਾਲ ਵਿੱਚ ਆਏ ਸੀ, ਪਰ ਵੇਖੋ ਇੱਥੇ ਕਿਸਮਤ ਨੇ ਸਾਡੇ ਨਾਲ ਕੀ ਕੀਤਾ ਹੈ?
ਜਦੋਂ ਇਦਰੀਸ ਮੁਰਦਾਘਰ ਪਹੁੰਚਿਆ ਤਾਂ ਦੇਖਿਆ ਕਿ ਚਾਰੇ ਪਾਸੇ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ। ਇਨ੍ਹਾਂ ਢੇਰਾਂ ਵਿਚੋਂ ਉਹ ਇਕ-ਇਕ ਕਰਕੇ ਆਪਣੇ ਪਰਿਵਾਰਕ ਮੈਂਬਰਾਂ ਦੀ ਪਛਾਣ ਕਰਦਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਕੋਲ ਬੈਠ ਕੇ ਆਪਣੀ ਕਿਸਮਤ ਨੂੰ ਕੋਸਦਾ।
ਆਪਣੇ ਮਰੇ ਹੋਏ ਪੋਤੇ ਨੂੰ ਗਲੇ ਲਗਾਉਂਦੇ ਹੋਏ ਇਦਰੀਸ ਨੇ ਅਸਮਾਨ ਵੱਲ ਦੇਖਿਆ ਅਤੇ ਕਿਹਾ- ‘ਤੁਸੀਂ ਮੇਰਾ ਦਿਲ ਦੁਖਾਇਆ ਹੈ। ਜੋ ਕੁਝ ਹੋਇਆ ਹੈ, ਮੈਂ ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਕੁਝ ਹੋ ਸਕਦਾ ਹੈ। ਮੈਂ ਆਪਣੀ ਧੀ ਨੂੰ ਗੁਆ ਦਿੱਤਾ; ਉਸ ਦੇ ਦੋ ਪੁੱਤਰ, ਮੇਰੀ ਧੀ ਦੇ ਸਹੁਰਾ ਪਰਿਵਾਰ, ਉਸਦੀ ਸੱਸ ਅਤੇ ਉਸਦੇ ਪੁੱਤਰ – ਜਿਨ੍ਹਾਂ ਵਿੱਚੋਂ ਇੱਕ ਦੇ ਬੱਚੇ ਸਨ, ਇੱਕ ਵੱਡਾ ਪਰਿਵਾਰ ਅਤੇ ਬਹੁਤ ਸਾਰੇ ਪੁੱਤਰ ਵੀ…ਸਭ ਕੁਝ ਖ਼ਤਮ।
ਉਸ ਨੇ ਕਿਹਾ ਕਿ ਅਸੀਂ 2012 ਤੋਂ ਜੰਗ ਦੀ ਭਿਆਨਕਤਾ ਦਾ ਸਾਹਮਣਾ ਕਰ ਰਹੇ ਹਾਂ। ਸੀਰੀਆ ਛੱਡ ਕੇ ਅਸੀਂ ਸ਼ਰਨ ਲੈਣ ਲਈ ਸਰਾਏਕਿਬ ਆ ਗਏ, ਪਰ ਸਾਡੇ ਪਿੱਛੇ ਜੋ ਬੇਇਨਸਾਫ਼ੀ ਹੋ ਰਹੀ ਹੈ, ਇੱਥੇ ਵੀ ਸਾਡੇ ਨਾਲ ਮਾੜਾ ਹਾਲ ਹੋਇਆ।
6 ਫਰਵਰੀ ਨੂੰ ਆਏ 7.8 ਤੀਬਰਤਾ ਦੇ ਭੂਚਾਲ ਕਾਰਨ ਤੁਰਕੀ ਅਤੇ ਸੀਰੀਆ ਵਿੱਚ 19,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਸਭ ਤੋਂ ਖਤਰਨਾਕ ਭੂਚਾਲ ਦੀ ਘਟਨਾ ਹੈ। 2015 ਵਿੱਚ ਨੇਪਾਲ ਵਿੱਚ ਤਬਾਹੀ ਮਚਾਉਣ ਵਾਲੇ 7.8 ਤੀਬਰਤਾ ਦੇ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਨਾਲੋਂ ਇਥੇ ਬਹੁਤ ਜ਼ਿਆਦਾ ਹੈ। ਨੇਪਾਲ ਦੀ ਤ੍ਰਾਸਦੀ ਵਿੱਚ 8,800 ਤੋਂ ਵੱਧ ਲੋਕ ਮਾਰੇ ਗਏ ਸਨ।
ਤੁਰਕੀ ਅਤੇ ਸੀਰੀਆ ਵਿੱਚ ਬਚਾਅ ਟੀਮਾਂ ਭੂਚਾਲ ਕਾਰਨ ਨੁਕਸਾਨੇ ਗਏ ਘਰਾਂ ਦੇ ਮਲਬੇ ਹੇਠਾਂ ਦੱਬੇ ਲੋਕਾਂ ਦੀ ਭਾਲ ਜਾਰੀ ਰੱਖ ਰਹੀਆਂ ਹਨ। WHO ਮੁਤਾਬਕ ਕੱਲ੍ਹ ਤੱਕ ਮਰਨ ਵਾਲਿਆਂ ਦੀ ਗਿਣਤੀ 20,000 ਤੱਕ ਪਹੁੰਚ ਸਕਦੀ ਹੈ। ਇਸ ਦੌਰਾਨ ਤੁਰਕੀ ਵਿੱਚ ਭਾਰਤੀ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ ਮੋਰਚਾ ਸੰਭਾਲ ਲਿਆ ਹੈ।