ਅੰਮ੍ਰਿਤਸਰ | ਸੜਕ ਦੁਰਘਟਨਾ ‘ਚ ਵਾਹਨ ਦਾ ਨੁਕਸਾਨ ਹੋਣ ‘ਤੇ 15 ਹਜ਼ਾਰ ਰੁਪਏ ਦੀ ਭਰਪਾਈ ਨਾ ਕਰਨ ‘ਤੇ ਕੁਝ ਲੋਕਾਂ ਨੇ ਭਿੰਡੀਸੈਦਾਂ ਥਾਣੇ ਅਧੀਨ ਇਕ ਪਿੰਡ ਦੀ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ।

ਘਟਨਾ 13 ਸਤੰਬਰ ਸ਼ਾਮ ਦੀ ਹੈ। ਘਟਨਾ ਤੋਂ ਬਾਅਦ ਔਰਤ ਦੀ ਸਿਹਤ ਵਿਗੜ ਗਈ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਨੇ ਆਰੋਪੀਆਂ ਰਵੈਲ ਸਿੰਘ, ਕੁਲਵੰਤ ਸਿੰਘ, ਪਰਗਟ ਸਿੰਘ ਤੇ 2 ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਸਬ-ਇੰਸਪੈਕਟਰ ਨਵਦੀਪ ਕੌਰ ਨੇ ਦੱਸਿਆ ਕਿ ਆਰੋਪੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੈਡੀਕਲ ‘ਚ ਰੇਪ ਦੀ ਪੁਸ਼ਟੀ ਹੋ ਚੁੱਕੀ ਹੈ।

ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਟਰੱਕ ਚਾਲਕ ਹੈ। ਕੁਝ ਦਿਨ ਪਹਿਲਾਂ ਰਵੈਲ ਸਿੰਘ ਦੇ ਟਰੱਕ ਦੀ ਉਨ੍ਹਾਂ ਦੇ ਟਰੱਕ ਨਾਲ ਟੱਕਰ ਹੋ ਗਈ ਸੀ। ਪੰਚਾਇਤ ਨੇ ਫੈਸਲਾ ਸੁਣਾਇਆ ਸੀ ਕਿ ਪਤੀ ਵੱਲੋਂ ਹੋਏ ਨੁਕਸਾਨ ਦੀ ਭਰਪਾਈ ਲਈ 15 ਹਜ਼ਾਰ ਰੁਪਏ ਦੇਣੇ ਪੈਣਗੇ ਪਰ ਔਰਤ ਦਾ ਪਤੀ ਮਿੱਥੇ ਸਮੇਂ ‘ਤੇ ਪੈਸੇ ਨਹੀਂ ਦੇ ਸਕਿਆ।

ਪੀੜਤਾ ਅਨੁਸਾਰ 13 ਸਤੰਬਰ ਦੀ ਸ਼ਾਮ ਉਹ ਘਰ ‘ਚ ਇਕੱਲੀ ਸੀ। 5 ਆਰੋਪੀ ਪੈਸੇ ਲੈਣ ਆਏ, ਜਦੋਂ ਉਸ ਨੇ ਪੈਸੇ ਨਾ ਹੋਣ ਦੀ ਗੱਲ ਕਹੀ ਤਾਂ ਆਰੋਪੀਆਂ ਨੇ ਉਸ ਨਾਲ ਬਲਾਤਕਾਰ ਕੀਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਆਰੋਪੀ ਫਰਾਰ ਹੋ ਗਏ।

ਘਟਨਾ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ। ਰਾਤ ਨੂੰ ਜਦੋਂ ਸੱਸ ਘਰ ਪਹੁੰਚੀ ਤਾਂ ਉਸ ਨੂੰ ਕਿਸੇ ਤਰ੍ਹਾਂ ਹਸਪਤਾਲ ਦਾਖਲ ਕਰਵਾਇਆ ਗਿਆ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)