ਬਠਿੰਡਾ | ਪਰਿਵਾਰਕ ਝਗੜਿਆਂ ਕਾਰਨ ਖੁਦਕੁਸ਼ੀਆਂ ਕਰਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਕ ਦਿਨ ਵਿਚ 2 ਵਿਅਕਤੀਆਂ ਵੱਲੋਂ ਘਰੇਲੂ ਝਗੜੇ ਕਾਰਨ ਆਪਣੀ ਜੀਵਨ-ਲੀਲਾ ਖ਼ਤਮ ਕਰਨ ਦੀ ਸੂਚਨਾ ਮਿਲੀ ਹੈ।

ਇਕ ਵਿਅਕਤੀ ਨੇ ਸਹੁਰਿਆਂ ਤੋਂ ਤੰਗ ਆ ਕੇ ਸਹੁਰੇ ਘਰ ਪੱਖੇ ਨਾਲ ਲਟਕ ਕੇ ਆਤਮ-ਹੱਤਿਆ ਕਰ ਲਈ, ਜਦੋਂ ਕਿ ਦੂਜੇ ਨੇ ਵੀ ਆਪਣੇ ਘਰ ਪੱਖੇ ਨਾਲ ਫਾਹਾ ਲਗਾ ਲਿਆ। ਇਸ ਸਬੰਧੀ ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਪਤਨੀਆਂ ਸਮੇਤ ਸਹੁਰਾ ਪਰਿਵਾਰਾਂ ਦੇ 8 ਮੈਂਬਰਾਂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ।

ਥਾਣਾ ਸਿਟੀ ਰਾਮਪੁਰਾ ਦੇ ਐੱਸਆਈ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਕੌਰ ਵਾਸੀ ਪਿੰਡ ਰਾਮਪੁਰਾ ਨੇ ਬਿਆਨ ਦਰਜ ਕਰਵਾਏ ਕਿ ਉਸ ਦੇ ਲੜਕੇ ਪ੍ਰੇਮ ਸਿੰਘ ਦਾ ਵਿਆਹ ਪਿੰਡ ਆਕਲੀਆ ਦੇ ਵਸਨੀਕ ਬੂਟਾ ਸਿੰਘ ਦੀ ਲੜਕੀ ਨਾਲ ਹੋਇਆ ਸੀ ਪਰ ਵਿਆਹ ਤੋਂ ਬਾਅਦ ਉਸ ਦੇ ਲੜਕੇ ਦਾ ਆਪਣੀ ਪਤਨੀ ਨਾਲ ਝਗੜਾ ਰਹਿਣ ਲੱਗ ਪਿਆ ਤੇ ਉਸ ਦੀ ਨੂੰਹ ਦੇ ਪਰਿਵਾਰ ਵਾਲੇ ਆਪਣੀ ਲੜਕੀ ਦਾ ਸਾਥ ਦਿੰਦੇ ਸਨ। ਪੀੜਤਾ ਨੇ ਦੱਸਿਆ ਕਿ ਘਰੇਲੂ ਕਲੇਸ਼ ਤੋਂ ਤੰਗ ਆ ਕੇ ਉਸ ਦੇ ਲੜਕੇ ਨੇ ਘਰ ‘ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਪ੍ਰਕਾਸ਼ ਕੌਰ ਦੀ ਸ਼ਿਕਾਇਤ ’ਤੇ ਆਰੋਪੀ ਪਤਨੀ ਗੁਰਪ੍ਰੀਤ ਕੌਰ, ਉਸ ਦੇ ਪਿਤਾ ਬੂਟਾ ਸਿੰਘ, ਮਾਤਾ ਪਰਮਜੀਤ ਕੌਰ ਅਤੇ ਭਰਾ ਇੰਦਰਜੀਤ ਸਿੰਘ ਵਾਸੀ ਆਕਲੀਆ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਇਸੇ ਤਰ੍ਹਾਂ ਥਾਣਾ ਸੰਗਤ ਦੇ ਏਐੱਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਭਗਵਾਨੀ ਦੇਵੀ ਵਾਸੀ ਜੈਤੋ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਲੜਕੇ ਯੋਗੇਸ਼ ਕੁਮਾਰ ਦਾ ਵਿਆਹ ਰੇਣੂ ਵਾਸੀ ਪਿੰਡ ਪੱਕਾ ਕਲਾਂ ਨਾਲ ਹੋਇਆ ਸੀ ਪਰ ਵਿਆਹ ਤੋਂ ਬਾਅਦ ਉਸ ਦੇ ਲੜਕੇ ਦਾ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਨਾਲ ਝਗੜਾ ਰਹਿਣ ਲੱਗ ਗਿਆ।

ਪੀੜਤਾ ਨੇ ਦੱਸਿਆ ਕਿ 14 ਸਤੰਬਰ ਨੂੰ ਉਸ ਦਾ ਲੜਕਾ ਆਪਣੇ ਸਹੁਰੇ ਪਿੰਡ ਪੱਕਾ ਕਲਾਂ ਗਿਆ ਸੀ, ਜਿਥੇ ਉਕਤ ਵਿਅਕਤੀਆਂ ਤੋਂ ਤੰਗ ਆ ਕੇ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਭਗਵਾਨੀ ਦੇਵੀ ਦੀ ਸ਼ਿਕਾਇਤ ‘ਤੇ ਆਰੋਪੀ ਰੇਣੂ, ਹਰਨੇਕ ਰਾਮ, ਹਰਬੰਸ ਰਾਮ, ਲਛਮੀ ਰਾਣੀ ਵਾਸੀ ਪੱਕਾ ਕਲਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਆਰੋਪੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)