ਤਰਨਤਾਰਨ, 14 ਦਸੰਬਰ | ਸਕੂਲ ਦੇ ਵਿਹੜੇ ਵਿਚ 11ਵੀਂ ਜਮਾਤ ਦੀ ਵਿਦਿਆਰਥਣ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਘਟਨਾ ਸਕੂਲ ਵਿਚ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ।

ਜ਼ਿਲੇ ਦੇ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਹਰਾ ਸਾਹਿਬ ਦੀ 11ਵੀਂ ਜਮਾਤ ਦੀ ਵਿਦਿਆਰਥਣ ਹਰਲੀਨ ਕੌਰ (15) ਵਾਸੀ ਪਿੰਡ ਰਹਿਲ ਚਾਹਲ ਜ਼ਿਲਾ ਤਰਨਤਾਰਨ ਸ਼ੁੱਕਰਵਾਰ ਨੂੰ ਸਕੂਲ ਖ਼ਤਮ ਹੋਣ ਤੋਂ ਬਾਅਦ ਸ਼ਾਮ ਵੇਲੇ ਸਕੂਲ ਦੇ ਮੈਦਾਨ ਵਿਚ ਦੌੜ ਰਹੀ ਸੀ ਕਿਉਂਕਿ ਉਸ ਦਾ ਭਾਰ ਜ਼ਿਆਦਾ ਸੀ ਅਤੇ ਉਸ ਦੇ ਮਾਤਾ-ਪਿਤਾ ਦੀ ਸਲਾਹ ‘ਤੇ ਹਰਲੀਨ ਕੌਰ ਦੂਜੇ ਦਿਨ ਭਾਰ ਘੱਟ ਕਰਨ ਲਈ ਸਕੂਲ ਆਈ ਸੀ, ਅਜੇ ਗਰਾਊਂਡ ਦਾ ਗੇੜਾ ਮਾਰਿਆ ਹੀ ਸੀ ਕਿ ਉਹ ਅਚਾਨਕ ਜ਼ਮੀਨ ‘ਤੇ ਡਿੱਗ ਗਈ।

ਇਸ ਦੌਰਾਨ ਸਕੂਲ ਮਾਲਕ ਗੁਰਪ੍ਰਤਾਪ ਸਿੰਘ ਪੰਨੂ ਉਸ ਨੂੰ ਆਪਣੀ ਕਾਰ ਵਿਚ ਬਿਠਾ ਕੇ ਨਜ਼ਦੀਕੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਸਕੂਲ ਦੇ ਮਾਲਕ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਹਰਲੀਨ ਕੌਰ 11ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਆਰਟਸ ਦੀ ਪੜ੍ਹਾਈ ਕਰ ਰਹੀ ਸੀ। ਹਰਲੀਨ ਕੌਰ ਦਾ ਅੱਜ ਪਿੰਡ ਰਾਹੁਲ ਚਹਿਲ ਵਿਚ ਸਸਕਾਰ ਕਰ ਦਿੱਤਾ ਗਿਆ।