ਚੰਡੀਗੜ੍ਹ, 21 ਜਨਵਰੀ| ਪੰਜਾਬ ਵਿਚ ਠੰਡ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਧੁੰਦ ਦੇ ਨਾਲ-ਨਾਲ ਸੀਤ ਲਹਿਰ ਨੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਕੀਤਾ ਹੋਇਆ ਹੈ ਪਰ ਅਜੇ ਵੀ ਲੋਕਾਂ ਨੂੰ ਇਸ ਠਿਠੁਰਨ ਵਾਲੀ ਠੰਡ ਤੋਂ ਰਾਹਤ ਨਹੀਂ ਮਿਲਣ ਵਾਲੀ ਹੈ। ਮੌਸਮ ਵਿਭਾਗ ਵਲੋਂ ਅਗਲੇ 2 ਦਿਨਾਂ ਲਈ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਤੇ ਹਰਿਆਣਾ ਵਿਚ ਧੁੰਦ ਤੇ ਕੋਲਡ ਵੇਵ ਦਾ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ ਤੇ ਚੰਡੀਗੜ੍ਹ ਵਿਚ ਧੁੰਦ ਦਾ ਯੈਲੋ ਅਲਰਟ ਜਾਰੀ ਹੈ।

ਸ਼ਨੀਵਾਰ ਨੂੰ ਦਿਨ ਭਰ ਧੁੱਪ ਨਹੀਂ ਨਿਕਲੀ ਤੇ ਸਵੇਰੇ ਧੁੰਦ ਤਾਂ ਨਹੀਂ ਪਈ ਪਰ ਬੱਦਲ ਹੋਣ ਦੇ ਨਾਲ-ਨਾਲ ਸੀਤ ਲਹਿਰ ਨੇ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਜਿਵੇਂ-ਜਿਵੇਂ ਦਿਨ ਬੀਤਦਾ ਗਿਆ, ਕੰਬਣੀ ਵਧਦੀ ਗਈ। ਦਿਨ ਦਾ ਘੱਟੋ-ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਤੇ ਅਧਿਕਤਮ ਤਾਪਮਾਨ 12.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਪੰਜਾਬ ਦੇ 18 ਜ਼ਿਲ੍ਹਿਆਂ ਵਿਚ ਮੌਸਮ ਖਰਾਬ ਰਹੇਗਾ। ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਮਾਲੇਰਕੋਟਲਾ ਵਿਚ ਧੁੰਦ ਦਾ ਓਰੈਂਜ ਅਲਰਟ ਹੈ।

ਇਸੇ ਤਰ੍ਹਾਂ ਹਿਮਾਚਲ ਦੇ ਮੈਦਾਨੀ ਇਲਾਕਿਆਂ ਵਿਚ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। 21 ਜਨਵਰੀ ਤੱਕ ਬਿਲਾਸਪੁਰ, ਊਨਾ, ਕਾਂਗੜਾ, ਸਿਰਮੌਰ ਤੇ ਸੋਲਨ ਦੇ ਵੱਖ-ਵੱਖ ਹਿੱਸਿਆਂ ਵਿਚ ਮੌਸਮ ਖਰਾਬ ਰਹੇਗਾ। ਇਸ ਦੌਰਾਨ ਇਥੇ ਕੋਲਡ ਵੇਵ ਚੱਲੇਗੀ।