ਪੰਜਾਬ ‘ਚ 3 ਦਿਨ ਪਵੇਗਾ ਮੀਂਹ, ਕੜਾਕੇ ਦੀ ਠੰਡ ਨੂੰ ਲੈ ਕੇ ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ
ਚੰਡੀਗੜ੍ਹ, 3 ਜਨਵਰੀ | ਪੰਜਾਬ ‘ਚ ਕਹਿਰ ਮਚਾ ਰਹੀ ਠੰਡ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਮੀਂਹ ਪਵੇਗਾ। ਮੌਸਮ ਵਿਭਾਗ ਨੇ ਪੰਜਾਬ ‘ਚ ਕੋਲਡ ਵੇਵ ਅਲਰਟ ਜਾਰੀ ਕੀਤਾ ਹੈ। ਵਿਭਾਗ ਵੱਲੋਂ ਬਠਿੰਡਾ, ਮੋਗਾ, ਮਾਨਸਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਬਰਨਾਲਾ ਵਿਚ ਕੋਲਡ ਵੇਵ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸਵੇਰ ਤੋਂ ਹੀ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਅਤੇ ਪਠਾਨਕੋਟ ਵਿਚ ਵਿਜ਼ੀਬਿਲਟੀ ਜ਼ੀਰੋ ਤੱਕ ਪਹੁੰਚ ਗਈ ਹੈ ਅਤੇ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ। ਧੁੱਪ ਨਾ ਨਿਕਲਣ ਕਾਰਨ ਦਿਨ ਵੇਲੇ ਵੀ ਲੋਕ ਠੰਡ ਤੋਂ ਕੰਬ ਰਹੇ ਹਨ ਅਤੇ ਤਾਪਮਾਨ ਡਿੱਗ ਰਿਹਾ ਹੈ।
ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 4 ਜਨਵਰੀ ਨੂੰ ਮੁੜ ਮੌਸਮ ਬਦਲੇਗਾ ਅਤੇ ਸੂਬੇ ਵਿਚ ਮੀਂਹ ਪਵੇਗਾ। ਦੱਸਿਆ ਜਾ ਰਿਹਾ ਹੈ ਕਿ 4 ਜਨਵਰੀ ਨੂੰ ਇਕ ਹੋਰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ, ਜਿਸ ਕਾਰਨ 4 ਜਨਵਰੀ ਨੂੰ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਅਤੇ ਹੁਸ਼ਿਆਰਪੁਰ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 5 ਅਤੇ 6 ਜਨਵਰੀ ਨੂੰ ਵੀ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ।
Related Post