ਰੂਪਨਗਰ | ਬੇਅਦਬੀ ਦੇ ਦੋਸ਼ੀ ਦਾ ਮੋਰਿੰਡਾ ‘ਚ ਸਸਕਾਰ ਕਰਨ ਦਾ ਵਿਰੋਧ ਕੀਤਾ ਗਿਆ ਹੈ। ਸਿੱਖ ਸੰਗਤ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਰੱਖੀ ਹੈ ਕਿ ਉਹ ਉਸਦਾ ਸਸਕਾਰ ਮੋਰਿੰਡਾ ਵਿਚ ਨਾ ਕਰਨ। ਦੱਸ ਦਈਏ ਕਿ ਜ਼ਿਲੇ ‘ਚ ਮੋਰਿੰਡਾ ਦੇ ਕੋਤਵਾਲੀ ਸਾਹਿਬ ਗੁਰਦੁਆਰੇ ‘ਚ ਬੇਅਦਬੀ ਦੇ ਦੋਸ਼ੀ ਦੀ ਸੋਮਵਾਰ ਦੇਰ ਰਾਤ ਸ਼ੱਕੀ ਹਾਲਾਤ ‘ਚ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਜਸਵੀਰ ਸਿੰਘ ਵਜੋਂ ਹੋਈ ਹੈ। ਉਹ ਮਾਨਸਾ ਦੀ ਤਾਮਕੋਟ ਜੇਲ ‘ਚ ਬੰਦ ਸੀ। ਜਸਵੀਰ ਸਿੰਘ ਨੂੰ 4 ਦਿਨ ਪਹਿਲਾਂ 29 ਅਪਰੈਲ ਨੂੰ ਰੂਪਨਗਰ ਤੋਂ ਮਾਨਸਾ ਜੇਲ੍ਹ ‘ਚ ਤਬਦੀਲ ਕੀਤਾ ਗਿਆ ਸੀ।

ਜਸਵੀਰ ਸਿੰਘ ਨੂੰ ਸੋਮਵਾਰ ਸ਼ਾਮ ਨੂੰ ਅਚਾਨਕ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਉਸ ਦਾ ਉੱਥੇ ਇਲਾਜ ਚੱਲ ਰਿਹਾ ਸੀ, ਜਦੋਂ ਅਚਾਨਕ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜੇਲ ਵਿਭਾਗ ਦਾ ਕਹਿਣਾ ਹੈ ਕਿ ਜਸਵੀਰ ਸਿੰਘ ਦੀ ਛਾਤੀ ‘ਚ ਦਰਦ ਸੀ ਅਤੇ ਉਸ ਨੂੰ ਸਾਹ ਲੈਣ ‘ਚ ਤਕਲੀਫ਼ ਹੋ ਰਹੀ ਸੀ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਉਸ ਨੂੰ ਤੁਰੰਤ ਹਸਪਤਾਲ ਲੈ ਗਿਆ।

ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਸ਼ਾਮ 4.10 ਵਜੇ ਮੁਲਜ਼ਮ ਜਸਵੀਰ ਸਿੰਘ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਉਸ ਦੀ ਛਾਤੀ ‘ਚ ਦਰਦ ਸੀ। ਰਾਤ 8 ਵਜੇ ਉਨ੍ਹਾਂ ਦੀ ਸਿਹਤ ਵਿਗੜ ਗਈ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਰਾਤ 9:10 ਵਜੇ ਉਸ ਦੀ ਮੌਤ ਹੋ ਗਈ।

ਅਜੇ ਚਾਰ ਦਿਨ ਪਹਿਲਾਂ ਹੀ ਅਦਾਲਤ ‘ਚ ਪੇਸ਼ੀ ਦੌਰਾਨ ਮ੍ਰਿਤਕ ਜਸਵੀਰ ਸਿੰਘ ’ਤੇ ਹਮਲਾ ਹੋਇਆ ਸੀ। ਪੁਲਿਸ ਜਸਵੀਰ ਸਿੰਘ ਨੂੰ ਅਦਾਲਤ ‘ਚ ਲੈ ਗਈ ਸੀ। ਇਸ ਦੌਰਾਨ ਇਕ ਵਕੀਲ ਨੇ ਉਸ ਵੱਲ ਪਿਸਤੌਲ ਤਾਣ ਲਈ, ਜਿਸ ਤੋਂ ਬਾਅਦ ਭੀੜ ਇਧਰ-ਉਧਰ ਭੱਜਣ ਲੱਗੀ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਵਕੀਲ ਨੂੰ ਫੜ ਲਿਆ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਅਤੇ ਜਸਵੀਰ ਸਿੰਘ ਨੂੰ ਮਾਨਸਾ ਜੇਲ ਭੇਜ ਦਿੱਤਾ ਗਿਆ।