ਜਲੰਧਰ। ਤਾਜਪੁਰ ਸਥਿਤ ਚਰਚ ਇੱਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ। ਇਸ ਵਾਰ ਚਰਚ ‘ਚੋਂ ਇਕ ਵਿਅਕਤੀ ਦੇ ਗਾਇਬ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉੱਤਰ ਪ੍ਰਦੇਸ਼ ਦੇ ਹਾਥਰਸ ਤੋਂ ਆਪਣੇ ਇਲਾਜ ਲਈ ਆਇਆ ਇੱਕ ਵਿਅਕਤੀ ਚਰਚ ‘ਚੋਂ ਲਾਪਤਾ ਹੋ ਗਿਆ। ਪੁਲਿਸ ਇਸ ਦੀ ਜਾਂਚ ਵਿੱਚ ਲੱਗੀ ਹੋਈ ਹੈ।
ਮਰੀਜ਼ਾਂ ਦੇ ਦੁੱਖ ਦੂਰ ਕਰਨ ਲਈ ਸ਼ਨੀਵਾਰ ਅਤੇ ਐਤਵਾਰ ਨੂੰ ਦੋ ਦਿਨ ਤਾਜਪੁਰ ਚਰਚ ਵਿਚ ਵਿਸ਼ੇਸ਼ ਪ੍ਰਾਰਥਨਾਵਾਂ ਹੁੰਦੀਆਂ ਹਨ। ਸੋਸ਼ਲ ਮੀਡੀਆ ‘ਤੇ ਇਸ਼ਤਿਹਾਰਾਂ ਨੂੰ ਦੇਖ ਕੇ ਦੂਰੋਂ-ਦੂਰੋਂ ਲੋਕ ਇੱਥੇ ਅਰਦਾਸ ਕਰਕੇ ਆਪਣਾ ਇਲਾਜ ਕਰਵਾਉਣ ਆਉਂਦੇ ਹਨ।

ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਹਾਥਰਸ ਦਾ ਰਹਿਣ ਵਾਲਾ ਕਰੀਬ 50 ਸਾਲਾ ਮੁੰਨਾ ਲਾਲ ਆਪਣੇ ਜਵਾਈ ਆਸ਼ੀਸ਼ ਨਾਲ ਚਰਚ ਵਿਚ ਇਲਾਜ ਕਰਵਾਉਣ ਆਇਆ ਸੀ। ਮੁੰਨਾ ਲਾਲ ਸ਼ਨੀਵਾਰ ਸ਼ਾਮ ਨੂੰ ਆਪਣੇ ਜਵਾਈ ਨਾਲ ਤਾਜਪੁਰ ਚਰਚ ਪਹੁੰਚਿਆ ਸੀ। ਆਸ਼ੀਸ਼ ਨੇ ਦੱਸਿਆ ਕਿ ਸਵੇਰੇ ਚਰਚ ‘ਚ ਪ੍ਰਾਰਥਨਾ ਹੁੰਦੀ ਹੈ। ਇਸ ਤੋਂ ਪਹਿਲਾਂ ਉਸ ਦਾ ਸਹੁਰਾ ਮੁੰਨਾ ਲਾਲ ਬਾਥਰੂਮ ਲਈ ਬਾਹਰ ਗਿਆ ਸੀ ਪਰ ਵਾਪਸ ਨਹੀਂ ਆਇਆ। ਆਸ਼ੀਸ਼ ਨੇ ਦੱਸਿਆ ਕਿ ਉਹ ਐਤਵਾਰ ਅਤੇ ਸੋਮਵਾਰ ਤੱਕ ਉਸ ਦੀ ਦੀ ਭਾਲ ਕਰਦਾ ਰਿਹਾ ਪਰ ਉਸ ਦਾ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਉਸ ਨੇ ਥਾਣਾ ਲਾਂਬੜਾ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ।

ਆਸ਼ੀਸ਼ ਨੇ ਇਲਜ਼ਾਮ ਲਾਇਆ ਹੈ ਕਿ ਜਦੋਂ ਉਨ੍ਹਾਂ ਨੇ ਉਸ ਦੇ ਸਹੁਰੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਕੀਤੀ ਤਾਂ ਚਰਚ ਦੇ ਪ੍ਰਬੰਧਕਾਂ ਨੇ ਉਸ ਨੂੰ ਡਰਾਇਆ-ਧਮਕਾਇਆ। ਉਹਨਾਂ ਨੇ ਉਸ ਦਾ ਮੋਬਾਈਲ ਫ਼ੋਨ ਖੋਹ ਲਿਆ ਗਿਆ ਹੈ। ਇਸ ਤੋਂ ਇਲਾਵਾ ਉਸ ਨੂੰ ਕੁਝ ਦਸਤਾਵੇਜ਼ਾਂ ‘ਤੇ ਦਸਤਖ਼ਤ ਕਰਨ ਲਈ ਵੀ ਮਜ਼ਬੂਰ ਕੀਤਾ ਗਿਆ। ਉਸ ਨੇ ਕਿਹਾ ਕਿ ਚਰਚ ਦੇ ਪ੍ਰਬੰਧਕਾਂ ਨੇ ਉਸ ਨੂੰ ਆਪਣਾ ਮੂੰਹ ਬੰਦ ਰੱਖਣ ਦੀ ਧਮਕੀ ਦਿੱਤੀ।

ਮੁੰਨਾ ਲਾਲ ਦੇ ਲਾਪਤਾ ਹੋਣ ਦੀ ਸੂਚਨਾ ਮਿਲਦਿਆਂ ਹੀ ਉੱਤਰ ਪ੍ਰਦੇਸ਼ ਤੋਂ ਉਸ ਦਾ ਪੁੱਤਰ ਸ਼ਿਸ਼ੂਪਾਲ ਵੀ ਜਲੰਧਰ ਪਹੁੰਚ ਗਿਆ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਭਾਲ ਕਰ ਰਿਹਾ ਹੈ ਪਰ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਨੇ ਕਿਹਾ ਕਿ ਉਹ ਥਾਣੇ ਵੀ ਜਾ ਰਹੇ ਹਨ। ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਮੁੰਨਾ ਲਾਲ ਦੀ ਫੋਟੋ ਹਰ ਜਗ੍ਹਾ ਭੇਜ ਦਿੱਤੀ ਗਈ ਹੈ ਅਤੇ ਉਹ ਉਸ ਦੀ ਭਾਲ ਕਰ ਰਹੇ ਹਨ। ਜਿਵੇਂ ਹੀ ਪਤਾ ਲੱਗੇਗਾ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਚਰਚ ਦੇ ਪ੍ਰਬੰਧਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦਾ ਪੱਖ ਵੀ ਜਾਨਣਾ ਚਾਹਿਆ ਤਾਂ ਉਨ੍ਹਾਂ ਕੋਈ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ। ਇਸ ਦੌਰਾਨ ਥਾਣਾ ਲਾਂਬੜਾ ਦੇ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੁੰਨਾ ਲਾਲ ਦੇ ਲਾਪਤਾ ਹੋਣ ਦੀ ਸ਼ਿਕਾਇਤ ਥਾਣਾ ਸਦਰ ‘ਚ ਕੀਤੀ ਗਈ ਹੈ। ਉਸ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ।  ਚਰਚ ਦੇ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਪਿੰਡ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।