ਜਲੰਧਰ| ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀਆਂ ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਬੇਜ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਜਲੰਧਰ ਅਦਾਲਤ ਵਿਚ ਪੇਸ਼ ਕੀਤਾ।। ਇਹ ਸਾਰੇ ਅੰਮ੍ਰਿਤਪਾਲ ਨਾਲ ਬ੍ਰੀਜ਼ਾ ਕਾਰ ਵਿੱਚ ਸਵਾਰ ਸਨ। ਇਨ੍ਹਾਂ ਨੇ ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਤੋਂ ਭੱਜਣ ਲਈ ਅੰਮ੍ਰਿਤਪਾਲ ਸਿੰਘ ਨੂੰ ਮੋਟਰਸਾਈਕਲ ਮੁਹੱਈਆ ਕਰਵਾਇਆ ਸੀ। ਅੰਮ੍ਰਿਤਪਾਲ ਨੇ ਨੰਗਲ ਅੰਬੀਆਂ ਦੇ ਗੁਰੂਘਰ ਚ ਭੇਸ ਬਦਲ ਕੇ ਉੱਥੋਂ ਬ੍ਰੀਜ਼ਾ ਕਾਰ ਚੋਂ ਮੋਟਰਸਾਈਕਲ ਤੇ ਫਰਾਰ ਹੋ ਗਿਆ ਸੀ। ਇਸ ਸੰਬੰਧੀ ਸੀਸੀਟੀਵੀ ਵੀ ਸਾਹਮਣੇ ਆਈ ਹੈ।

ਜਦੋਂ ਪੁਲਿਸ ਨੇ ਬ੍ਰੀਜ਼ਾ ਗੱਡੀ ਬਰਾਮਦ ਕੀਤੀ ਤਾਂ ਉਸ ਸਮੇਤ ਇਨ੍ਹਾਂ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਚਾਰਾਂ ਤੋਂ ਪੁਲਿਸ ਨੇ 24 ਘੰਟਿਆਂ ਵਿੱਚ ਲੰਮੀ ਪੁੱਛਗਿੱਛ ਕੀਤੀ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਥਾਣਾ ਸ਼ਾਹਕੋਟ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਇਆ ਗਿਆ। ਮੁਲਜ਼ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵਿੱਚੋਂ ਕੋਈ ਗੱਲ ਨਹੀਂ ਹੋਈ।