ਫਿਰੋਜ਼ਪੁਰ, 09 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ਹਿਰ ਵਿਚ ਕੱਲ ਗੋਲੀਆਂ ਨਾਲ ਜ਼ਖਮੀ ਹੋਏ ਨੌਜਵਾਨ ਦੀ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਦੇਰ ਰਾਤ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਬਾਅਦ ਦੁਪਹਿਰ ਸਥਾਨਕ ਮੱਲਵਾਲ ਰੋਡ ‘ਤੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। ਜ਼ਖ਼ਮੀ ਦੀ ਪਛਾਣ ਸਥਾਨਕ ਭੱਟੀਆਂ ਵਾਲੀ ਬਸਤੀ ਵਾਸੀ ਅਮਿਤ ਕੁਮਾਰ ਉਰਫ ਰਵੀ ਪ੍ਰਧਾਨ ਵਜੋਂ ਹੋਈ ਸੀ, ਜਿਸ ਨੂੰ ਪਹਿਲਾਂ ਫ਼ਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿੱਥੇ ਬਾਅਦ ਵਿੱਚ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਲੁਧਿਆਣਾ ਦੇ ਹਸਪਤਾਲ ਵਿਚ ਅਮਿਤ ਦੀ ਮੌਤ ਹੋ ਗਈ।
ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 6 ਬਾਏ ਨੇਮ ਵਿਅਕਤੀਆਂ ਅਤੇ 3 ਅਣਪਛਾਤੇ ਵਿਅਕਤੀਆਂ ਖਿਲਾਫ 307, 341, 148, 149, 120-ਬੀ ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਜਾਣਕਾਰੀ ਅਨੁਸਾਰ ਅਮਿਤ ਦੇ 2 ਗੋਲੀਆਂ ਲੱਗੀਆਂ ਸਨ। ਇਕ ਗੋਲੀ ਮੂੰਹ ‘ਤੇ ਜਦਕਿ ਦੂਸਰੀ ਗੋਲੀ ਵੱਖੀ ਵਿਚ ਵੱਜੀ ਸੀ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਦੋਸ਼ੀਆਂ ‘ਤੇ ਪਹਿਲਾਂ ਵੀ 302 ਦਾ ਕੇਸ ਚੱਲ ਰਿਹਾ ਹੈ।