ਲੁਧਿਆਣਾ, 6 ਦਸੰਬਰ| ਪੰਜਾਬ ਵਿੱਚ ਅਪਰਾਧ, ਕਤਲ ਅਤੇ ਚੋਰੀਆਂ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਅੱਜ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਨਾਮੀ ਕਾਰੋਬਾਰੀ ਦੇ ਘਰ ਨੂੰ ਦੋ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਹੈ।
ਦਰਅਸਲ ਜਦੋਂ ਚੋਰ ਇਸ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਤਾਂ ਘਰ ਵਿੱਚ ਔਰਤ ਵਲੋਂ ਰੌਲ਼ਾ ਪਾਉਣ ਉੱਤੇ ਇਨ੍ਹਾਂ ਵੱਲੋਂ ਹਥੌੜੇ ਨਾਲ ਮਹਿਲਾ ਉਤੇ ਹਮਲਾ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਉਹੀ ਲੁਟੇਰੇ ਸਨ, ਜੋ ਕੁਝ ਦਿਨ ਪਹਿਲਾਂ ਇਸੇ ਘਰ ਵਿਚ ਕਾਰਪੇਂਟਰ ਦਾ ਕੰਮ ਕਰਨ ਆਏ ਸਨ।
ਜਾਣਕਾਰੀ ਮੁਤਾਬਿਕ ਮਾਮਲਾ ਲੁਧਿਆਣਾ ਦੇ ਸਰਾਭਾ ਨਗਰ ਦਾ ਹੈ, ਜਿੱਥੇ ਦੋ ਲੁਟੇਰਿਆਂ ਵੱਲੋਂ ਨਾਮੀ ਕਾਰੋਬਾਰੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਜਦੋਂ ਉਹ ਇਸ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਤਾਂ ਘਰ ਵਿੱਚ ਔਰਤ ‘ਤੇ ਇਨ੍ਹਾਂ ਵੱਲੋਂ ਹਥੌੜੇ ਨਾਲ ਹਮਲਾ ਕਰ ਦਿੱਤਾ ਗਿਆ। ਜਦੋਂ ਮਹਿਲਾ ਦੀ ਆਵਾਜ਼ ਸੁਣ ਡਰਾਈਵਰ ਬਾਹਰ ਨਿਕਲਿਆ ਤਾਂ ਉਸਨੇ ਲੁਟੇਰਿਆਂ ਨੂੰ ਦੇਖ ਕੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਲੁਟੇਰਿਆਂ ਨੂੰ ਮਹੱਲਾ ਨਿਵਾਸੀਆਂ ਨਾਲ ਮਿਲ ਕੇ ਫੜ ਲਿਆ।
ਫਿਲਹਾਲ ਪੁਲਿਸ ਨੇ ਲੁਟੇਰਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਕੋਲੋਂ ਹਥਿਆਰ ਹਥੌੜਾ ਵੀ ਬਰਾਮਦ ਕਰ ਲਿਆ। ਮਾਲਕਾਂ ਵੱਲੋਂ ਦੱਸਿਆ ਗਿਆ ਕਿ ਇਹ ਲੁਟੇਰੇ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਲੱਕੜ ਦਾ ਕੰਮ ਕਰਨ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਘਰ ਦੀ ਰੇਕੀ ਕੀਤੀ ਅਤੇ ਅੱਜ ਇਸ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਸਨ।